ਕੰਗਨਾ ਜੇ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ ਇਨਾ ਬਖੇੜਾ ਨਾ ਪੈਂਦਾ- ਬੀਬੀ ਮਹਿੰਦਰ ਕੌਰ ਦੇ ਪਤੀ
Babushahi Bureau
ਬੀਬੀ ਮਹਿੰਦਰ ਕੌਰ ਦੇ ਪਤੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਕੰਗਨਾ ਰਨੌਤ ਪਹਿਲਾਂ ਹੀ ਮਾਫੀ ਮੰਗ ਲੈਂਦੀ ਤਾਂ, ਇਨਾ ਬਖੇੜਾ ਨਾ ਪੈਂਦਾ। ਉਹਨਾਂ ਕਿਹਾ ਕਿ ਚਾਰ ਸਾਲ ਹੋ ਗਏ ਨੇ ਕੇਸ ਫਾਈਲ ਹੋਏ ਨੂੰ, ਕਦੇ ਚੰਡੀਗੜ੍ਹ ਲੈ ਜਾਂਦੇ ਨੇ, ਕਦੇ ਦਿੱਲੀ, ਪਰ ਹੁਣ ਆਖਿਰਕਾਰ ਕੰਗਣਾ ਰਨੌਤ ਨੂੰ ਬਠਿੰਡਾ ਆਉਣਾ ਹੀ ਪਿਆ।
ਉਹਨਾਂ ਕਿਹਾ ਕਿ ਮਾਫੀ ਮੰਗਣੀ ਹੀ ਸੀ ਤਾਂ, ਪਹਿਲਾਂ ਮੰਗ ਲੈਂਦੀ। ਹਾਲਾਂਕਿ ਮਹਿੰਦਰ ਕੌਰ ਦੇ ਪਤੀ ਨੇ ਕਿਹਾ ਕਿ ਕੰਗਣਾ ਰਨੌਤ ਵੱਲੋਂ ਮੰਗੀ ਗਈ ਮਾਫੀ ਤੋਂ ਉਹ ਸੰਤੁਸ਼ਟ ਨੇ, ਪਰ ਦੂਜੇ ਪਾਸੇ ਬੀਬੀ ਮਹਿੰਦਰ ਕੌਰ ਦੇ ਵਕੀਲ ਨੇ ਆਖਿਆ ਕਿ ਕੰਗਨਾ ਰਨੌਤ ਵੱਲੋਂ ਜਿਹੜੀ ਮਾਫੀ ਮੰਗੀ ਗਈ ਹੈ, ਉਸ ਨੂੰ ਕਿਸਾਨਾਂ ਅਤੇ ਬੀਬੀ ਮਹਿੰਦਰ ਕੌਰ ਵੱਲੋਂ ਮਿਲ ਬੈਠ ਕੇ ਵਿਚਾਰਿਆ ਜਾਵੇਗਾ ਅਤੇ ਫਿਰ ਸੋਚਿਆ ਜਾਵੇਗਾ ਕਿ, ਕੰਗਣਾ ਨੂੰ ਮਾਫੀ ਦੇਣੀ ਹੈ ਜਾਂ ਨਹੀਂ।