ਕੇਂਦਰੀ ਵਿਦਿਆਲਿਆ ਖਾਨਪੁਰ ਵਿਖੇ 25 ਮਈ ਨੂੰ ਦਾਖਲਾ ਜਾਗਰੂਕਤਾ ਮੇਲੇ ਦਾ ਕੀਤਾ ਆਯੋਜਨ
ਮਨਪ੍ਰੀਤ ਸਿੰਘ
ਰੂਪਨਗਰ, 23 ਮਈ:
ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਖਾਨਪੁਰ ਵਿਖੇ 25 ਮਈ 2026 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਦਾਖਲਾ ਜਾਗਰੂਕਤਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੇਲੇ ਦਾ ਮੁੱਖ ਉਦੇਸ਼ ਸਕੂਲ ਪ੍ਰਬੰਧਨ ਕਮੇਟੀ ਦੇ ਮੈਂਬਰਾਂ, ਸਰਪੰਚਾਂ ਅਤੇ ਪੰਚਾਂ ਦੇ ਸਹਿਯੋਗ ਨਾਲ ਆਮ ਲੋਕਾਂ ਵਿੱਚ ਕੇਂਦਰੀ ਵਿਦਿਆਲਿਆ ਖਾਨਪੁਰ ਬਾਰੇ ਜਾਗਰੂਕਤਾ ਪੈਦਾ ਕਰਨੀ ਹੈ ਤਾਂ ਜੋ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ ਦੀ ਸਹੀ ਚੋਣ ਕਰ ਸਕਣ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਵਿਦਿਆਲਿਆ ਦੀ ਪ੍ਰਿੰਸੀਪਲ ਸ਼੍ਰੀਮਤੀ ਵਿਭਾ ਰਾਣੀ ਵੱਲੋਂ ਦੱਸਿਆ ਗਿਆ ਹੈ ਕਿ ਕੇਂਦਰੀ ਵਿਦਿਆਲਿਆ ਖਾਨਪੁਰ ਵਿੱਚ ਯੋਗ ਅਤੇ ਅਨੁਭਵੀ ਅਧਿਆਪਕਾਂ ਦੁਆਰਾ ਰਾਸ਼ਟਰੀ ਪੱਧਰ ਦੀ ਉੱਚ ਗੁਣਵੱਤਾ ਵਾਲੀ ਸਿੱਖਿਆ ਬਹੁਤ ਹੀ ਘੱਟ ਫੀਸ ‘ਤੇ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਕੇਵਲ ਲਗਭਗ 600 ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਂਦੀ ਹੈ, ਪਰ ਇੰਨੀ ਘੱਟ ਫੀਸ ਦੇ ਬਾਵਜੂਦ ਪੜ੍ਹਾਈ ਦਾ ਮਿਆਰ ਕਈ ਨਿੱਜੀ ਸਕੂਲਾਂ ਨਾਲੋਂ ਕਾਫ਼ੀ ਉੱਚਾ ਹੈ, ਜਿਸ ਦਾ ਸਬੂਤ ਸਕੂਲ ਦਾ ਸ਼ਾਨਦਾਰ ਸੀਬੀਐਸਈ ਬੋਰਡ ਨਤੀਜਾ ਹੈ। ਇਸ ਉੱਤਮ ਪ੍ਰਦਰਸ਼ਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਨਿਰੰਤਰ ਮਿਹਨਤ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਕੂਲ ਵਿੱਚ ਸਮਾਰਟ ਕਲਾਸਰੂਮਾਂ ਰਾਹੀਂ ਆਧੁਨਿਕ ਤਰੀਕੇ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਖੇਡਾਂ ਲਈ ਲੋੜੀਂਦੇ ਸਾਰੇ ਸਾਧਨ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਹੋਰ ਕੇਂਦਰੀ ਵਿਦਿਆਲਿਆ ਦੇ ਵਿਦਿਆਰਥੀਆਂ ਨਾਲ ਬਾਹਰਲੇ ਮੁਕਾਬਲਿਆਂ ਵਿੱਚ ਭਾਗ ਲੈਣ ਦੇ ਮੌਕੇ ਵੀ ਮਿਲ ਰਹੇ ਹਨ। ਵਿਗਿਆਨ ਦੇ ਖੇਤਰ ਵਿੱਚ ਨਵੇਂ-ਨਵੇਂ ਪ੍ਰਯੋਗ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਖੇਤਰਾਂ ਦੇ ਵਿਸ਼ੇਸ਼ਗਿਆਨਾਂ ਨੂੰ ਵੀ ਸਮੇਂ-ਸਮੇਂ ‘ਤੇ ਸਕੂਲ ਵਿੱਚ ਸੱਦਾ ਦਿੱਤਾ ਜਾਂਦਾ ਹੈ।
ਸ਼੍ਰੀਮਤੀ ਵਿਭਾ ਰਾਣੀ ਨੇ ਦੱਸਿਆ ਕਿ ਵਿਦਿਆਲਿਆ ਵਿੱਚ ਕਵਿਤਾ ਪਾਠ, ਵਾਦ-ਵਿਵਾਦ, ਭਾਸ਼ਣ ਮੁਕਾਬਲੇ, ਚਿੱਤਰਕਲਾ, ਪਾਠ ਕੌਸ਼ਲ, ਨਾਟਕ, ਗੀਤ-ਸੰਗੀਤ ਅਤੇ ਯੰਤਰ ਵਜਾਉਣ ਵਰਗੀਆਂ ਕਈ ਸਹਿ-ਪਾਠਕ੍ਰਮ ਗਤੀਵਿਧੀਆਂ ਰਾਹੀਂ ਬੱਚਿਆਂ ਦਾ ਪੂਰਨ ਵਿਕਾਸ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿੱਦਿਅਕ ਦੌਰੇ, ਵੈਸਟ ਮੈਨੇਜਮੈਂਟ, ਕਿਚਨ ਗਾਰਡਨ ਅਤੇ ਰੁੱਖ ਲਗਾਉਣ ਵਰਗੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਵੀ ਵਿਕਸਿਤ ਕੀਤੀ ਜਾ ਰਹੀ ਹੈ, ਜੋ ਅੱਜ ਦੇ ਸਮੇਂ ਦੀ ਇੱਕ ਮਹੱਤਵਪੂਰਨ ਲੋੜ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਵਿਭਾਗ ਵਿੱਚ ਸੰਗਠਨ ਵੱਲੋਂ ਨਵੇਂ ਸੈਕਸ਼ਨ ਮਨਜ਼ੂਰ ਹੋਣ ਕਾਰਨ ਕਲਾਸ ਦੂਜੀ ਤੋਂ ਇਲਾਵਾ ਪਹਿਲੀ ਤੋਂ ਪੰਜਵੀਂ ਤੱਕ ਦੀਆਂ ਕਲਾਸਾਂ ਵਿੱਚ ਕੁਝ ਸੀਟਾਂ ਖਾਲੀ ਹਨ। ਇਸ ਤੋਂ ਇਲਾਵਾ ਕਲਾਸ ਗਿਆਰਵੀਂ ਵਿੱਚ ਕਾਮਰਸ, ਮੈਡੀਕਲ ਅਤੇ ਨਾਨ-ਮੈਡੀਕਲ ਵਿਭਾਗਾਂ ਵਿੱਚ ਵੀ ਕੁਝ ਸੀਟਾਂ ਉਪਲਬਧ ਹਨ।
ਪੀਐਮ ਸ਼੍ਰੀ ਕੇਂਦਰੀ ਵਿਦਿਆਲਿਆ ਖਾਨਪੁਰ ਦੀ ਪ੍ਰਿੰਸੀਪਲ ਸ਼੍ਰੀਮਤੀ ਵਿਭਾ ਰਾਣੀ ਨੇ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਕੂਲ ਦਾ ਦੌਰਾ ਕਰਨ, ਇੱਥੇ ਉਪਲਬਧ ਸਹੂਲਤਾਂ ਅਤੇ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਆਪਣੇ ਬੱਚਿਆਂ ਦਾ ਦਾਖਲਾ ਕਰਵਾਉਣ ਦਾ ਇਹ ਸੁਨਹਿਰਾ ਮੌਕਾ ਹੱਥੋਂ ਨਾ ਜਾਣ ਦੇਣ।
- Download Babushahi App
-
-