ਕੇਂਦਰੀ ਬਜਟ ਗਰੀਬ ਪੱਖੀ ਅਤੇ ਪਿੰਡਾਂ ਦੇ ਵਿਕਾਸ ਨੂੰ ਸਮਰਪਿਤ- ਇਕਬਾਲ ਸਿੰਘ ਲਾਲਪੁਰਾ
ਮਾਨ ਸਰਕਾਰ ਤੋਂ ਆਯੂਸ਼ਮਾਨ ਬੀਮਾ ਯੋਜਨਾ ਦੇ ਬਣਦੇ ਪੈਸੇ ਤਾਂ ਸਮੇਂ ਸਿਰ ਦੇ ਨਹੀਂ ਹੋਏ, 10 ਲੱਖ ਦੀ ਸਿਹਤ ਯੋਜਨਾ ਕਿਸ ਤਰਜ਼ ‘ਤੇ ਚਲਾਉਣਗੇ ?–ਲਾਲਪੁਰਾ
ਮਨਪ੍ਰੀਤ ਸਿੰਘ
ਰੂਪਨਗਰ, 3 ਫਰਵਰੀ 2026- ਭਾਰਤੀ ਜਨਤਾ ਪਾਰਟੀ ਸੰਸਦੀ ਬੋਰਡ ਦੇ ਮੈਂਬਰ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਨੇ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਲੋਕ ਪੱਖੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋ ਅੱਜ ਪੇਸ਼ ਕੀਤਾ ਗਿਆ ਬਜਟ ਗਰੀਬ ਕਲਿਆਣ, ਬੁਨਿਆਦੀ ਢਾਂਚੇ, ਰੁਜ਼ਗਾਰ ਅਤੇ ਪਿੰਡਾਂ ਦੇ ਵਿਕਾਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤਾ ਗਿਆ ਬਜਟ ਗਰੀਬ, ਮਜ਼ਬੂਦ, ਕਿਸਾਨ, ਔਰਤਾਂ, ਨੌਜਵਾਨਾਂ ਅਤੇ ਪਿਛੜੇ ਵਰਗਾਂ 'ਤੇ ਕੇਂਦਰਿਤ ਹੈ, ਜੋ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਸਿੱਧੀ ਦਾ ਮੀਲ ਪੱਧਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਸਪੋਰਟਸ ਇੰਡਸਟਰੀ ਅਤੇ ਐਮ.ਐਸਐਮਈ ਲਈ ਬਜਟ ਚ ਜੋ ਐਲਾਨ ਕੀਤੇ ਗਏ ਹਨ, ਉਸ ਦਾ ਪੰਜਾਬ ਦੇ ਉਦਯੋਗ ਨੂੰ ਵੱਡੇ ਪੱਧਰ 'ਤੇ ਫਾਇਦਾ ਹੋਵੇਗਾ।
ਲਾਲਪੁਰਾ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਪੇਸ਼ ਕੀਤਾ ਗਿਆ ਇਹ ਪਹਿਲਾ ਬਜਟ 3 ਕਰਤੱਵਾਂ ਤੋਂ ਪ੍ਰੇਰਿਤ ਹੈ:
1. ਪਹਿਲਾ ਕਰਤੱਵ ਉਤਪਾਦਕਤਾ ਅਤੇ ਮੁਕਾਬਲੇਬਾਜ਼ੀ ਵਧਾ ਕੇ ਆਰਥਿਕ ਵਿਕਾਸ ਤੇਜ਼ ਕਰਨਾ ਤੇ ਕਾਇਮ ਰੱਖਣਾ ਅਤੇ ਉਥਲ-ਪੁਥਲ ਵਾਲੇ ਸੰਸਾਰਕ ਹਾਲਾਤ ਪ੍ਰਤੀ ਲਚਕੀਲਾਪਨ ਪੈਦਾ ਕਰਨਾ ਹੈ।
2. ਦੂਜਾ ਕਰਤੱਵ ਲੋਕਾਂ ਦੀਆਂ ਉਮੰਗਾਂ ਪੂਰੀਆਂ ਕਰਨੀਆਂ ਤੇ ਉਨ੍ਹਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ ਹੈ, ਤਾਂ ਜੋ ਉਨ੍ਹਾਂ ਨੂੰ ਭਾਰਤ ਦੇ ਖ਼ੁਸ਼ਹਾਲੀ ਦੇ ਰਾਹ ਵਿੱਚ ਮਜ਼ਬੂਤ ਭਾਈਵਾਲ ਬਣਾਇਆ ਜਾ ਸਕੇ।
3. ਤੀਜਾ ਕਰਤੱਵ, 'ਸਬਕਾ ਸਾਥ, ਸਬਕਾ ਵਿਕਾਸ' ਦੇ ਦ੍ਰਿਸ਼ਟੀਕੋਣ ਨਾਲ ਜੁੜਿਆ ਹੋਇਆ ਹੈ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਪਰਿਵਾਰ, ਭਾਈਚਾਰੇ, ਖੇਤਰ ਅਤੇ ਵਰਗ ਦੀ ਸਾਧਨਾਂ, ਸਹੂਲਤਾਂ ਅਤੇ ਸਾਰਥਕ ਭਾਗੀਦਾਰੀ ਦੇ ਮੌਕਿਆਂ ਤੱਕ ਪਹੁੰਚ ਹੋਵੇ।
ਲਾਲਪੁਰਾ ਨੇ ਕਿਹਾ ਕਿ ਇਹ ਇਕ ਵਿਕਾਸ-ਕੇਂਦਰਿਤ ਬਜਟ ਹੈ। ਇਸ ’ਚ ਸਰਕਾਰੀ ਪੂੰਜੀ ਖਰਚ ਨੂੰ ਵਧਾਉਣ ਤੇ ਉਤਪਾਦਨ ਖੇਤਰ ਨੂੰ ਮਜ਼ਬੂਤ ਕਰਨ ’ਤੇ ਸਪੱਸ਼ਟ ਧਿਆਨ ਦਿੱਤਾ ਗਿਆ ਹੈ। ਇਹੋ ਜਿਹਾ ਬਜਟ ਹੈ, ਜੋ ਨੌਜਵਾਨਾਂ ਲਈ ਆਪਣੀ ਰੋਜ਼ੀ-ਰੋਟੀ ਸੁਧਾਰਨ ਦੇ ਮੌਕੇ ਪੈਦਾ ਕਰਦਾ ਹੈ। ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਂਦਾ ਹੈ ਅਤੇ ਮੈਡੀਕਲ ਟੂਰਿਜ਼ਮ ਵਰਗੇ ਰੋਜ਼ਗਾਰ-ਗਹਿਣੇ ਖੇਤਰਾਂ ਨੂੰ ਉਡਾਨ ਭਰਨ ਦਾ ਮੌਕਾ ਦਿੰਦਾ ਹੈ। ਸਰਕਾਰ ਵੱਲੋਂ ਅਹਿਮ ਖਣਿਜਾਂ ਅਤੇ ਰੇਅਰ ਅਰਥ ਤੱਤਾਂ ’ਤੇ ਦਿੱਤੇ ਗਏ ਵਿਸ਼ੇਸ਼ ਧਿਆਨ ਦਾ ਸਵਾਗਤ ਕਰਦਾ ਹਾਂ। ਓੜੀਸਾ, ਤਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿੱਚ ਖਣਨ, ਪ੍ਰੋਸੈਸਿੰਗ, ਆਰਐਂਡੀ ਤੇ ਉਤਪਾਦਨ ਲਈ ਬਣਾਏ ਜਾਣ ਵਾਲੇ ਰੇਅਰ ਅਰਥ ਕੋਰੀਡੋਰ ਵਿਕਾਸ, ਰੁਜ਼ਗਾਰ ਤੇ ਖਣਿਜ ਸੁਰੱਖਿਆ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰਨਗੇ। ਮੌਜੂਦਾ ਗਲੋਬਲ ਪਰਿਪੇਖ ਵਿੱਚ ਅਹਿਮ ਖਣਿਜਾਂ ਦੀ ਪ੍ਰੋਸੈਸਿੰਗ ਲਈ ਪੂੰਜੀ ਸਾਮਾਨ ‘ਤੇ ਆਯਾਤ ਸ਼ੁਲਕ ’ਚ ਛੋਟ ਬਹੁਤ ਹੀ ਘੱਟ ਹੈ। ਐਸਈਜ਼ੈਡਜ਼ ਵਿੱਚ ਲਚਕੀਲੇਪਣ ਸੰਬੰਧੀ ਘੋਸ਼ਣਾ, ਜਿਸ ਨਾਲ ਦੇਸੀ ਬਾਜ਼ਾਰ ਵਿੱਚ ਕੁਝ ਵਿਕਰੀ ਦੀ ਇਜਾਜ਼ਤ ਮਿਲੇਗੀ, ਇੱਕ ਬਹੁਤ ਹੀ ਸ਼ਾਨਦਾਰ ਕਦਮ ਹੈ। ਅਨਿਸ਼ਚਿਤ ਸਮਿਆਂ ਵਿਚ ਭਾਰਤੀ ਅਰਥਵਿਵਸਥਾ ਨੂੰ ਮਜ਼ਬੂਤ ਅਤੇ ਸਥਿਰ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਮੈਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਵਧਾਈ ਦਿੰਦਾ ਹਾਂ।
ਭਗਵੰਤ ਮਾਨ ਸਰਕਾਰ ‘ਤੇ ਤੰਜ ਕਸਦਿਆਂ ਕਿਹਾ ਕਿ ਭਗਵੰਤ ਮਾਨ ਨੇ ਅੱਜ ਤੱਕ ਕੇਂਦਰ ਸਰਕਾਰ ਨਾਲ ਸਿਰਫ ਲੋਨ ਲੈਣ ਲਈ ਹੀ ਰਾਬਤਾ ਕੀਤਾ ਹੈ, ਸੂਬੇ ਦੀ ਕਮਾਈ ਕਿਸ ਤਰ੍ਹਾਂ ਵਧਾਈ ਜਾਵੇ ਇਸ ਪਾਸੇ ਇਸ ਨਿਕੰਮੀ ਪੰਜਾਬ ਸਰਕਾਰ ਦਾ ਧਿਆਨ ਹੀ ਨਹੀਂ ਗਿਆ। ਲਾਲਪੁਰਾ ਨੇ ਕਿਹਾ ਕਿ ਮਾਨ ਸਾਬ ਅੱਜ ਕੱਲ੍ਹ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦੀ ਮਸ਼ਹੂਰੀ ਕਰਵਾ ਰਹੇ ਹਨ ਪਰ ਜਵਾਬ ਦੇਣ ਕਿ 5 ਲੱਖ ਵਾਲੀ ਆਯੂਸ਼ਮਾਨ ਕਾਰਡ ਸਕੀਮ ਦਾ ਬਕਾਇਆ ਲੈਣ ਲਈ ਹਸਪਤਾਲਾਂ ਨੂੰ ਕੋਰਟ ਦਾ ਰੁਖ਼ ਕਿਉਂ ਕਰਨਾ ਪਿਆ ? ਜਿਸ ਨਾਲ ਨਾ ਕੇਵਲ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਪ੍ਰ਼ਸਾਨੀ ਹੋਈ ਬਲਕਿ ਹਸਪਤਾਲਾਂ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਹਵਾਈ ਬਿਆਨਾਂ ਤੇ ਸਕੀਮਾਂ ‘ਤੇ ਚੱਲ ਰਹੀ ਇਹ ਸਰਕਾਰ ਪੰਜਾਬੀਆਂ ਦੇ ਦਿਲਾਂ ਵਿਚੋਂ ਉਤਰ ਚੁੱਕੀ ਹੈ ਤੇ ਲੋਕਾਂ ਨੂੰ ਅਪੀਲ ਹੈ ਕਿ ਹਰੇਕ ਪਾਰਟੀ ਨੂੰ ਅਜ਼ਮਾ ਕੇ ਦੇਖ ਚੁੱਕੇ ਹਨ, ਹੁਣ ਮੌਕਾ ਭਾਜਪਾ ਨੂੰ ਦੇਣ। ਇਸ ਮੌਕੇ ਜਗਦੀਸ਼ ਚੰਦਰ ਕਾਜਲਾ, ਐਡਵੋਕੇਟ ਵਿਕਾਸ ਵਾਲੀਆ, ਗਗਨ ਗੁਪਤਾ, ਹਿੰਮਤ ਸਿੰਘ ਗਿਰਨ ਆਦਿ ਮੌਜੂਦ ਸਨ।