ਕਪੂਰਥਲਾ ’ਚ ਪੈਟਰੋਲ ਨਾਲ ਭਰਿਆ ਟੈਂਕਰ ਪਲਟਿਆ, ਇਲਾਕੇ ’ਚ ਮਚੀ ਅਫ਼ਰਾ-ਤਫ਼ਰੀ
ਸੜਕ ’ਤੇ ਫੈਲਿਆ ਪੈਟਰੋਲ, ਪੁਲਿਸ-ਪ੍ਰਸ਼ਾਸਨ ਨੇ ਸੰਭਾਲਿਆ ਮੋਰਚਾ, ਰਹਾਇਸ਼ੀ ਇਲਾਕਾ ਕਰਵਾਇਆ ਖਾਲੀ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ: ਕਪੂਰਥਲਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸੁਲਤਾਨਪੁਰ ਲੋਧੀ ਵੱਲੋਂ ਆ ਰਿਹਾ ਪੈਟਰੋਲ ਨਾਲ ਭਰਿਆ ਇੱਕ ਟੈਂਕਰ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਕੇ ਲਾਨਾ ਮੰਡੀ ਖੇਤਰ ਵਿੱਚ ਪਲਟ ਗਿਆ। ਟੈਂਕਰ ਦੇ ਪਲਟਦੇ ਹੀ ਉਸ ਵਿੱਚ ਭਰਿਆ ਪੈਟਰੋਲ ਸੜਕ ਅਤੇ ਆਸ-ਪਾਸ ਦੀ ਜ਼ਮੀਨ ’ਤੇ ਤੇਜ਼ੀ ਨਾਲ ਫੈਲ ਗਿਆ, ਜਿਸ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੁਰੰਤ ਐਕਸ਼ਨ ਮੋਡ ਵਿੱਚ ਆ ਗਿਆ। ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਬੁਲਾਈਆਂ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰਾਬੰਦੀ ਕਰਕੇ ਸੀਲ ਕਰ ਦਿੱਤਾ ਗਿਆ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅੱਗ ਲੱਗਣ ਜਾਂ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
ਪੈਟਰੋਲ ਦੇ ਵੱਡੀ ਮਾਤਰਾ ਵਿੱਚ ਫੈਲਣ ਕਾਰਨ ਪੈਦਾ ਹੋਏ ਖ਼ਤਰੇ ਨੂੰ ਦੇਖਦਿਆਂ ਪੁਲਿਸ ਨੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਭੇਜਿਆ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਉਹ ਘਟਨਾ ਸਥਲ ਦੇ ਨੇੜੇ ਨਾ ਆਉਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣ।
ਇਸ ਗੰਭੀਰ ਅਤੇ ਸੰਵੇਦਨਸ਼ੀਲ ਸਥਿਤੀ ਦਰਮਿਆਨ ਇੱਕ ਸ਼ਰਮਨਾਕ ਦ੍ਰਿਸ਼ ਵੀ ਸਾਹਮਣੇ ਆਇਆ। ਪੈਟਰੋਲ ਜ਼ਮੀਨ ’ਤੇ ਫੈਲਦੇ ਹੀ ਕੁਝ ਸਥਾਨਕ ਲੋਕ ਬਾਲਟੀਆਂ ਅਤੇ ਡੱਬਿਆਂ ਵਿੱਚ ਪੈਟਰੋਲ ਭਰ ਕੇ ਲਿਜਾਂਦੇ ਨਜ਼ਰ ਆਏ। ਹੈਰਾਨੀ ਦੀ ਗੱਲ ਇਹ ਰਹੀ ਕਿ ਰੈਸਕਿਊ ਓਪਰੇਸ਼ਨ ਦੌਰਾਨ ਵੀ ਕੁਝ ਲੋਕਾਂ ਵੱਲੋਂ ਪੁਲਿਸ ਕੋਲੋਂ ਸਿਰਫ਼ “ਦੋ ਲੀਟਰ ਪੈਟਰੋਲ” ਭਰਨ ਦੀ ਇਜਾਜ਼ਤ ਮੰਗੀ ਗਈ।
ਹਾਲਾਤਾਂ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ ਪੁਲਿਸ ਨੇ ਸਖ਼ਤ ਰੁਖ ਅਪਣਾਇਆ ਅਤੇ ਪੈਟਰੋਲ ਭਰ ਰਹੇ ਲੋਕਾਂ ਨੂੰ ਮੌਕੇ ਤੋਂ ਖਦੇੜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਸਾਫ਼ ਕੀਤਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ, ਜਿਸ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਸੀ।
ਫਿਲਹਾਲ ਜੇਸੀਬੀ ਮਸ਼ੀਨਾਂ, ਫਾਇਰ ਬ੍ਰਿਗੇਡ ਅਤੇ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੈਂਕਰ ਨੂੰ ਸਿੱਧਾ ਕਰਨ ਦੀ ਕਾਰਵਾਈ ਜਾਰੀ ਹੈ। ਇਸਦੇ ਨਾਲ ਹੀ ਜ਼ਮੀਨ ’ਤੇ ਫੈਲੇ ਪੈਟਰੋਲ ਨੂੰ ਸੁਰੱਖਿਅਤ ਢੰਗ ਨਾਲ ਨਸ਼ਟ ਕਰਨ ਦੀ ਪ੍ਰਕਿਰਿਆ ਵੀ ਚਲ ਰਹੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਟਨਾ ਸਥਲ ਤੋਂ ਦੂਰ ਰਹਿਣ, ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ। ਅਧਿਕਾਰੀਆਂ ਮੁਤਾਬਕ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ।