ਐਚਐਮਈਐਲ–ਏਮਜ਼ ਬਠਿੰਡਾ ਦੀ ਪਹਿਲਕਦਮੀ: ਸਿਹਤ ਸੇਵਾਵਾਂ ਲਈ” ਮੋਬਾਈਲ ਮੈਡੀਕਲ ਯੂਨਿਟ ਤਾਇਨਾਤ
ਅਸ਼ੋਕ ਵਰਮਾ
ਬਠਿੰਡਾ , 11 ਫਰਵਰੀ 2026 : ਪਿੰਡਾਂ ਵਿੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ, ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ, ਬਠਿੰਡਾ ਵਿਖੇ ਸਿਹਤ ਸਾਥੀ ਤੁਹਾਡੇ ਦਰ, ਤੁਹਾਡੀ ਸਿਹਤ ਲਈ” ਨਾਮ ਹੇਠ ਦੋ ਆਧੁਨਿਕ ਮੋਬਾਈਲ ਮੈਡੀਕਲ ਯੂਨਿਟਾਂ (ਐਮਐਮਯੂ) ਦਾ ਸ਼ੁਭਾਰੰਭ ਕੀਤਾ ਗਿਆ। ਇਹ ਯੂਨਿਟ ਐਚਐਮਈਐਲ ਦੇ ਮੁੱਖ ਪਰਚਾਲਨ ਅਧਿਕਾਰੀ (COO) ਸ਼੍ਰੀ ਐਮ. ਬੀ. ਗੋਹਿਲ ਅਤੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਡਾ. ਰਤਨ ਗੁਪਤਾ ਵੱਲੋਂ ਮੈਡੀਕਲ ਸੁਪਰਿੰਟੈਂਡੈਂਟ ਸ਼੍ਰੀ ਰਾਜੀਵ ਕੁਮਾਰ ਗੁਪਤਾ ਅਤੇ ਐਚਐਮਈਐਲ ਦੇ ਸੀਨੀਅਰ ਪ੍ਰਬੰਧਨ ਦੀ ਮੌਜੂਦਗੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀਆਂ ਗਈਆਂ।
ਗੋਹਿਲ ਨੇ ਕਿਹਾ ਕਿ ਐਚਐਮਈਐਲ ਅਤੇ ਏਮਜ਼ ਬਠਿੰਡਾ ਦੀ ਇਹ ਭਾਗੀਦਾਰੀ ਪੰਜਾਬ ਅਤੇ ਹਰਿਆਣਾ ਦੇ 59 ਗੋਦ ਲਏ ਪਿੰਡਾਂ ਤੱਕ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਘਰ-ਘਰ ਪਹੁੰਚਾਉਣ ਦਾ ਵਚਨ ਹੈ। ਇਸ ਇੰਟੀਗ੍ਰੇਟਡ ਮੋਬਾਈਲ ਮੈਡੀਕਲ ਯੂਨਿਟ ਅਤੇ ਟੈਲੀਮੈਡੀਸਿਨ ਪ੍ਰੋਜੈਕਟ ਰਾਹੀਂ 25,000 ਤੋਂ ਵੱਧ ਪਰਿਵਾਰਾਂ ਸਮੇਤ ਲਗਭਗ 1.5 ਲੱਖ ਪਿੰਡ ਵਾਸੀਆਂ ਨੂੰ ਮੁਫ਼ਤ ਡਾਕਟਰੀ ਸਲਾਹ, ਲੈਬ ਜਾਂਚ, ਦਵਾਈਆਂ ਅਤੇ ਵਿਸ਼ੇਸ਼ਗਿਆਨ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸ਼ੁਭਾਰੰਭ ਤੋਂ ਤੁਰੰਤ ਬਾਅਦ ਪਿੰਡ ਰਾਮਸਰਾ ਅਤੇ ਤਰਖਾਨਵਾਲਾ ਵਿੱਚ ਮੈਡੀਕਲ ਕੈਂਪ ਲਗਾਏ ਗਏ। ਡਾ. ਰਤਨ ਗੁਪਤਾ, ਸ਼੍ਰੀ ਰਾਜੀਵ ਕੁਮਾਰ ਗੁਪਤਾ ਅਤੇ ਐਮਜ਼ ਦੀ ਟੀਮ ਵੱਲੋਂ ਪਿੰਡ ਵਾਸੀਆਂ ਦੀ ਵਿਸਤ੍ਰਿਤ ਜਾਂਚ ਕੀਤੀ ਗਈ ਅਤੇ ਮੈਡੀਕਲ ਟੈਸਟਾਂ ਤੋਂ ਬਾਅਦ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਪਿੰਡ ਵਾਸੀਆਂ ਨੇ ਇਸ ਪਹਿਲ ਨੂੰ ਬਹੁਤ ਲਾਭਕਾਰੀ ਦੱਸਿਆ।
ਇਹ ਪ੍ਰੋਜੈਕਟ 15 ਦਸੰਬਰ 2025 ਨੂੰ ਐਚਐਮਈਐਲ ਅਤੇ ਐਮਜ਼ ਬਠਿੰਡਾ ਵਿਚਕਾਰ ਹੋਏ ਸਮਝੌਤਾ ਪੱਤਰ (MoU) ਤਹਿਤ ਸ਼ੁਰੂ ਕੀਤਾ ਗਿਆ ਹੈ। ਇਸ ਅਧੀਨ ਰਿਫ਼ਾਇਨਰੀ ਦੇ ਆਲੇ-ਦੁਆਲੇ ਦੇ 59 ਪਿੰਡਾਂ ਵਿੱਚ ਨਿਯਮਿਤ ਅਤੇ ਪ੍ਰਣਾਲੀਬੱਧ ਢੰਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹਰ ਮੋਬਾਈਲ ਮੈਡੀਕਲ ਯੂਨਿਟ ਵਿੱਚ ਐਮਜ਼ ਦਾ ਡਾਕਟਰ, ਨਰਸ, ਫਾਰਮਾਸਿਸਟ, ਪ੍ਰੋਜੈਕਟ ਕੋਆਰਡੀਨੇਟਰ ਅਤੇ ਡਰਾਈਵਰ ਸ਼ਾਮਲ ਹੋਵੇਗਾ। ਯੂਨਿਟਾਂ ਵਿੱਚ ਡਾਇਗਨੋਸਟਿਕ ਕਿੱਟਾਂ, ਪ੍ਰਾਇਮਰੀ ਇਲਾਜ ਦੇ ਉਪਕਰਣ, ਆਕਸੀਜਨ ਸਿਲੰਡਰ, ਨੇਬੂਲਾਈਜ਼ਰ, ਅੱਗ ਸੁਰੱਖਿਆ ਉਪਕਰਣ ਅਤੇ ਜ਼ਰੂਰੀ ਦਵਾਈਆਂ ਉਪਲਬਧ ਰਹਿਣਗੀਆਂ। ਮਰੀਜ਼ਾਂ ਦਾ ਡਾਟਾ ਡਿਜ਼ਿਟਲ ਹੈਲਥ ਰਿਕਾਰਡ ਸਿਸਟਮ ਵਿੱਚ ਦਰਜ ਕੀਤਾ ਜਾਵੇਗਾ, ਤਾਂ ਜੋ ਇਲਾਜ ਦੀ ਲਗਾਤਾਰ ਨਿਗਰਾਨੀ ਅਤੇ ਫਾਲੋਅੱਪ ਯਕੀਨੀ ਬਣਾਇਆ ਜਾ ਸਕੇ। ਗੰਭੀਰ ਮਾਮਲਿਆਂ ਨੂੰ ਇਕ ਸੁਚਾਰੂ ਰੈਫ਼ਰਲ ਪ੍ਰਣਾਲੀ ਰਾਹੀਂ ਐਮਜ਼ ਬਠਿੰਡਾ ਜਾਂ ਨਜ਼ਦੀਕੀ ਸਰਕਾਰੀ ਹਸਪਤਾਲ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ ਫੀਡਬੈਕ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਵੀ ਸੇਵਾਵਾਂ ਦਾ ਹਿੱਸਾ ਹੋਵੇਗੀ।