ਇੱਸੇਵਾਲ ਸਕੂਲ ਵਿੱਚ ਪਾਵਰਕਾਮ ਵੱਲੋਂ ਬਿਜਲੀ ਬੱਚਤ ਲਈ ਜਾਗਰੂਕਤਾ ਸਮਾਗਮ
ਲੁਧਿਆਣਾ 14 ਅਕਤੂਬਰ (ਮਨਮੋਹਨ ਸਿੰਘ): ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡੀ.ਐੱਸ.ਐੱਮ. ਦਫ਼ਤਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਸੇਵਾਲ ਵਿਖੇ “ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ” ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਬਿਜਲੀ ਦੀ ਸੁਚੱਜੀ ਵਰਤੋਂ, ਊਰਜਾ ਦੀ ਬੱਚਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਸਮਾਗਮ ਵਿੱਚ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀ ਇੰਜ. ਸਲੀਮ ਮੁਹੰਮਦ, ਉਪ ਮੁੱਖ ਇੰਜੀਨੀਅਰ/ਡੀ.ਐੱਸ.ਐੱਮ., ਇੰਜ. ਸ਼ਮੀ ਜਿੰਦਲ, ਵਧੀਕ ਨਿਗਰਾਨ ਇੰਜੀਨੀਅਰ/ਡੀ.ਐੱਸ.ਐੱਮ., ਇੰਜ. ਗਰੀਸ਼ ਕੁਮਾਰ ਮਹਾਜਨ, ਸਹਾਇਕ ਇੰਜੀਨੀਅਰ, ਇੰਜ. ਕਰਮਜੀਤ ਸਿੰਘ ਅਤੇ ਇੰਜ. ਅਮਰਜੀਤ ਸਿੰਘ, ਏ.ਏ.ਈ. ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੇਲੋੜੀਆਂ ਬਿਜਲੀ ਦੀਆਂ ਲਾਈਟਾਂ ਅਤੇ ਬਿਜਲਈ ਉਪਕਰਨ ਬੰਦ ਰੱਖਣ, ਊਰਜਾ-ਕੁਸ਼ਲ ਉਪਕਰਨਾਂ ਦੀ ਵਰਤੋਂ ਕਰਨ ਅਤੇ ਰੋਜ਼ਾਨਾ ਜੀਵਨ ਵਿੱਚ ਬਿਜਲੀ ਬਚਾਉਣ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੇ ਊਰਜਾ ਸੰਭਾਲ ਵਿਸ਼ੇ ’ਤੇ ਪੇਪਰ ਪੜ੍ਹੇ ਅਤੇ ਬਿਜਲੀ ਦੀ ਬੱਚਤ ਨੂੰ ਦਰਸਾਉਂਦੀਆਂ ਪੇਂਟਿੰਗਾਂ ਰਾਹੀਂ ਆਪਣੀ ਸਿਰਜਣਾਤਮਕਤਾ ਦਾ ਪ੍ਰਗਟਾਵਾ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਭੁਪਿੰਦਰ ਕੌਰ ਨੇ ਪੀ.ਐੱਸ.ਪੀ.ਸੀ.ਐੱਲ. ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਊਰਜਾ ਸੰਭਾਲ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੇ ਹਨ। ਉਨ੍ਹਾਂ ਭਵਿੱਖ ਵਿੱਚ ਵੀ ਹੋਰ ਸਕੂਲਾਂ ਵਿੱਚ ਅਜਿਹੇ ਸਮਾਗਮ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਅਧਿਆਪਕਾਂ ਸ਼੍ਰੀਮਤੀ ਰੀਤਿਕਾ ਸ਼ਰਮਾ, ਸ਼੍ਰੀਮਤੀ ਦਲਿੰਦਰ ਕੌਰ, ਸ਼੍ਰੀ ਜਗਜੀਤ ਸਿੰਘ ਅਤੇ ਸ਼੍ਰੀ ਚਰਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਸ਼੍ਰੀਮਤੀ ਜਸਵੀਰ ਕੌਰ ਨੇ ਸੁਚੱਜੇ ਢੰਗ ਨਾਲ ਕੀਤਾ।
ਸਮਾਗਮ ਦੌਰਾਨ ਪਿੰਡ ਦੇ ਮਹਾਨ ਸ਼ਹੀਦਾਂ ਸ਼੍ਰੀ ਨਿਰਮਲਜੀਤ ਸਿੰਘ ਸੇਖੋਂ, ਸ਼੍ਰੀ ਗੁਰਦਿਆਲ ਸਿੰਘ ਸੇਖੋਂ ਅਤੇ ਸ਼੍ਰੀ ਸਰੂਪ ਸਿੰਘ ਸੇਖੋਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਊਰਜਾ ਸੰਭਾਲ ਦੇ ਸੰਦੇਸ਼ ਵਾਲੀਆਂ ਕਾਪੀਆਂ, ਪੈਨ ਅਤੇ ਕੌਫ਼ੀ ਮੱਗ ਇਨਾਮ ਵਜੋਂ ਦਿੱਤੇ ਗਏ। ਹੋਰਨਾਂ ਭਾਗੀਦਾਰ ਵਿਦਿਆਰਥੀਆਂ ਨੂੰ ਵੀ ਕਾਪੀਆਂ ਅਤੇ ਪੈਨ ਦੇ ਕੇ ਉਤਸ਼ਾਹਿਤ ਕੀਤਾ ਗਿਆ।
ਅੰਤ ਵਿੱਚ ਸਕੂਲ ਦੇ ਸਮੂਹ ਸਟਾਫ਼ ਵੱਲੋਂ ਪੀ.ਐੱਸ.ਪੀ.ਸੀ.ਐੱਲ. ਦੇ ਡੀ.ਐੱਸ.ਐੱਮ. ਦਫ਼ਤਰ, ਪਟਿਆਲਾ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਨੇ ਬਿਜਲੀ ਦੀ ਸੁਚੱਜੀ ਵਰਤੋਂ ਕਰਨ ਅਤੇ ਊਰਜਾ ਬੱਚਤ ਦੇ ਸੰਦੇਸ਼ ਨੂੰ ਆਪਣੇ ਪਰਿਵਾਰਾਂ ਤੇ ਸਮਾਜ ਤੱਕ ਪਹੁੰਚਾਉਣ ਦਾ ਸੰਕਲਪ ਲਿਆ।
- Download Babushahi App
-
-