ਇੰਡਸਟਰੀ-ਅਕੈਡਮੀ ਕਨਕਲੇਵ: ਤਕਨੀਕੀ ਸਿੱਖਿਆ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਢਾਲਣ ’ਤੇ ਜ਼ੋਰ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2026 :ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਦੇ ਸਹਿਯੋਗ ਨਾਲ ਬਠਿੰਡਾ ਵਿਖੇ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ-2026 ਕਰਵਾਇਆ ਗਿਆ। ਇਸ ਸਮਾਗਮ ਚ ਤਕਨੀਕੀ ਸਿੱਖਿਆ ਨੂੰ ਉਦਯੋਗਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਵਿਕਸਿਤ ਕਰਨਾ, ਸਿੱਖਿਆ ਸੰਸਥਾਵਾਂ ਅਤੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਸਮਾਗਮ ਵਿੱਚ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਦੇ ਚੇਅਰਮੈਨ ਪ੍ਰੋਫੈਸਰ (ਡਾ.) ਸੰਦੀਪ ਕਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਤਕਨੀਕੀ ਸਿੱਖਿਆ ਨੂੰ ਨਵੀਆਂ ਤਕਨਾਲੋਜੀਆਂ ਅਤੇ ਉਦਯੋਗਾਂ ਦੀਆਂ ਬਦਲਦੀਆਂ ਲੋੜਾਂ ਦੇ ਅਨੁਸਾਰ ਲਗਾਤਾਰ ਅਪਡੇਟ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਸਿਧਾਂਤਕ ਗਿਆਨ ਤੱਕ ਸੀਮਤ ਰੱਖਣ ਦੀ ਬਜਾਏ ਵਿਹਾਰਕ ਸਿਖਲਾਈ, ਸਮੱਸਿਆਵਾਂ ਦੇ ਹੱਲ ਦੀ ਯੋਗਤਾ, ਨਵੀਨਤਮ ਤਕਨੀਕੀ ਹੁਨਰਾਂ ਅਤੇ ਪ੍ਰਭਾਵਸ਼ਾਲੀ ਸੰਚਾਰ ਸਮਰੱਥਾ ਨਾਲ ਲੈਸ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਇਸੇ ਤਰ੍ਹਾਂ ਡਾ. ਭਾਰਤ ਨਰੇਸ਼ ਬਾਂਸਲ ਨੇ ਅਕਾਦਮਿਕ ਮਿਆਰਾਂ ਨੂੰ ਉੱਚਾ ਚੁੱਕਣ, ਪਾਠਕ੍ਰਮ ਨੂੰ ਉਦਯੋਗਿਕ ਲੋੜਾਂ ਅਨੁਸਾਰ ਢਾਲਣ ਅਤੇ ਸਿੱਖਿਆ ਸੰਸਥਾਵਾਂ ਤੇ ਉਦਯੋਗਾਂ ਵਿਚਕਾਰ ਬਿਹਤਰ ਤਾਲਮੇਲ ਸਥਾਪਿਤ ਕਰਨ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਹੁਨਰ-ਆਧਾਰਿਤ ਸਿੱਖਿਆ, ਨਿਯਮਤ ਅਕਾਦਮਿਕ ਸਮੀਖਿਆ ਅਤੇ ਉਦਯੋਗਾਂ ਨਾਲ ਸਬੰਧਤ ਪ੍ਰੋਜੈਕਟਾਂ ਰਾਹੀਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਸਕਦਾ ਹੈ।ਉਦਯੋਗਿਕ ਨੁਮਾਇੰਦਿਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੌਜੂਦਾ ਉਦਯੋਗਿਕ ਰੁਝਾਨਾਂ, ਲੋੜੀਂਦੇ ਤਕਨੀਕੀ ਹੁਨਰਾਂ ਅਤੇ ਡਿਪਲੋਮਾ ਧਾਰਕਾਂ ਲਈ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਵਿਚਾਰ-ਵਟਾਂਦਰੇ ਦੌਰਾਨ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਵਿੱਚ ਸੋਧ, ਵਿਦਿਆਰਥੀਆਂ ਦੇ ਤਕਨੀਕੀ ਸੁਧਾਰ, ਵਿਹਾਰਕ ਸਿਖਲਾਈ ਨੂੰ ਉਤਸ਼ਾਹਿਤ ਕਰਨ ਅਤੇ ਇੰਟਰਨਸ਼ਿਪ ਦੇ ਮੌਕਿਆਂ ਵਿੱਚ ਵਾਧਾ ਕਰਨ ਵਰਗੇ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਕਨਕਲੇਵ ਵਿੱਚ ਵੱਖ-ਵੱਖ ਉਦਯੋਗਿਕ ਖੇਤਰਾਂ ਨਾਲ ਸਬੰਧਤ 35 ਤੋਂ ਵੱਧ ਉਦਯੋਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਨ੍ਹਾਂ ਵਿੱਚ ਐਚ.ਐੱਮ.ਈ.ਐੱਲ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ ਕੈਮੀਕਲ ਲਿਮਟਿਡ, ਟ੍ਰਾਈਡੈਂਟ ਬਰਨਾਲਾ, ਸਤੀਆ ਇੰਡਸਟਰੀਜ਼ ਸ਼੍ਰੀ ਮੁਕਤਸਰ ਸਾਹਿਬ, ਮਹਾ ਸ਼ਕਤੀ ਲਿਮਟਿਡ ਬਠਿੰਡਾ, ਸਟੈਲਕੋ ਰਾਮਪੁਰਾ ਫੂਲ, ਜੇ.ਆਰ. ਟ੍ਰਾਂਸਫਾਰਮਰ ਬਠਿੰਡਾ, ਐੱਮ.ਆਰ. ਇੰਡਸਟਰੀਜ਼ ਅਤੇ ਪੀ.ਆਰ. ਇੰਡਸਟਰੀਜ਼ ਬਠਿੰਡਾ ਪ੍ਰਮੁੱਖ ਸਨ।ਇਸ ਦੌਰਾਨ ਉਦਯੋਗਾਂ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੇ ਪ੍ਰੋਜੈਕਟ ਤਿਆਰ ਕਰਵਾਉਣ, ਉਦਯੋਗਿਕ ਦੌਰੇ ਕਰਵਾਉਣ, ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰਨ ਅਤੇ ਕੈਂਪਸ ਪਲੇਸਮੈਂਟਾਂ ਨੂੰ ਉਤਸ਼ਾਹਿਤ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਅਸਲ ਕੰਮਕਾਜੀ ਮਾਹੌਲ ਦਾ ਤਜਰਬਾ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਉਦਯੋਗਾਂ ਵਿੱਚ ਰੁਜ਼ਗਾਰ ਲਈ ਵਧੇਰੇ ਸਮਰੱਥ ਬਣਾਉਣਾ ਹੈ।
ਕਨਕਲੇਵ ਵਿੱਚ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ ਬਡਬਰ, ਸਰਕਾਰੀ ਪੌਲੀਟੈਕਨਿਕ ਕਾਲਜ ਫਤੂਹੀ ਖੇੜਾ, ਸਰਕਾਰੀ ਪੌਲੀਟੈਕਨਿਕ ਕਾਲਜ ਕੋਟਕਪੂਰਾ, ਸਰਕਾਰੀ ਪੌਲੀਟੈਕਨਿਕ ਕਾਲਜ ਗੁਰੂ ਤੇਗ ਬਹਾਦਰ ਗੜ੍ਹ ਮੋਗਾ, ਸਰਕਾਰੀ ਪੌਲੀਟੈਕਨਿਕ ਕਾਲਜ ਬਰੇਟਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ ਸਮੇਤ ਹੋਰ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਅਫ਼ਸਰਾਂ ਨੇ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਭਾਗੀਦਾਰੀ ਨੇ ਤਕਨੀਕੀ ਸਿੱਖਿਆ ਦੇ ਵਿਕਾਸ ਵਿੱਚ ਸਾਂਝੇ ਯਤਨਾਂ ਅਤੇ ਉਦਯੋਗਿਕ ਭਾਈਵਾਲੀ ਦੀ ਮਹੱਤਤਾ ਨੂੰ ਹੋਰ ਉਜਾਗਰ ਕੀਤਾ।ਇਸ ਮੌਕੇ ਡਾਇਰੈਕਟਰ (ਅਕਾਦਮਿਕ) ਡਾ. ਭਾਰਤ ਨਰੇਸ਼ ਬਾਂਸਲ, ਕੰਟਰੋਲਰ ਆਈ.ਟੀ.ਆਈ. ਸ਼੍ਰੀ ਸੰਜੀਵ ਗੋਇਲ, ਐਡਮਿਨ ਅਫ਼ਸਰ ਸ਼੍ਰੀ ਵਿਜੇ ਕੁਮਾਰ, ਡਿਪਟੀ ਡਾਇਰੈਕਟਰ ਰੁਜ਼ਗਾਰ ਉਤਪਤੀ ਵਿਭਾਗ ਸ਼੍ਰੀ ਗੁਰਤੇਜ ਸਿੰਘ ਅਤੇ ਬਠਿੰਡਾ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਆਦਿ ਹਾਜ਼ਰ ਸਨ।
- Download Babushahi App
-
-