ਇਨਕਲਾਬੀ ਕੇਂਦਰ ਨੇ ਕੀਤਾ ਐਨਸੀਈਆਰਟੀ ਵੱਲੋਂ ਸਿਲੇਬਸ 'ਚ ਮਨੂ ਸਮ੍ਰਿਤੀ ਸ਼ਾਮਲ ਕਰਨ ਦਾ ਵਿਰੋਧ
ਅਸ਼ੋਕ ਵਰਮਾ
ਬਠਿੰਡਾ, 29 ਜੂਨ 2026 :ਇਨਕਲਾਬੀ ਕੇਂਦਰ ਪੰਜਾਬ ਨੇ ਐੱਨਸੀਈਆਰਟੀ ਵੱਲੋਂ ਸਮਾਜਿਕ ਵਿਗਿਆਨ ਦੀ 9ਵੀਂ ਜਮਾਤ ਦੀ ਨਵੀਂ ਪੁਸਤਕ ਵਿੱਚ ਮਨੂ ਸਮ੍ਰਿਤੀ ਦੇ ਸ਼ਲੋਕ ਨੂੰ ਸ਼ਾਮਲ ਕਰਨ ਅਤੇ ਇਸ ਦੀ ਕਥਿਤ ਤੌਰ 'ਤੇ ਸਰਾਸਰ ਗ਼ਲਤ ਅਤੇ ਝੂਠੀ ਵਿਆਖਿਆ ਕਰਨ ਦੇ ਫ਼ੈਸਲੇ ਦਾ ਡਟਵਾਂ ਵਿਰੋਧ ਕਰਦਿਆਂ ਇਸ ਨੂੰ ਸਿਲੇਬਸ 'ਚੋਂ ਤੁਰੰਤ ਬਾਹਰ ਕੱਢਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਹੁਕਮਾਂ ਤਹਿਤ ਡਾਰਵਿਨ ਦੇ ਵਿਕਾਸਵਾਦ ਦਾ ਸਿਧਾਂਤ 10ਵੀਂ ਜਮਾਤ ਦੇ NCERT ਵਿਗਿਆਨ ਪਾਠਕ੍ਰਮ ਵਿੱਚੋਂ ਕੱਢ ਦਿੱਤਾ ਹੈ। "ਸਮੱਗਰੀ ਤਰਕਸ਼ੀਲਤਾ" ਅਭਿਆਸ ਦੇ ਹਿੱਸੇ ਵਜੋਂ, 10ਵੀਂ ਜਮਾਤ ਦੇ ਅਧਿਆਇ "ਵਿਰਾਸਤੀ ਅਤੇ ਵਿਕਾਸ" ਦਾ ਨਾਮ ਬਦਲ ਕੇ ਸਿਰਫ਼ "ਵਿਰਾਸਤੀ" ਕਰ ਦਿੱਤਾ ਗਿਆ ਅਤੇ ਸਾਰੇ ਵਿਕਾਸਵਾਦੀ ਵਿਸ਼ਿਆਂ ਨੂੰ ਸਥਾਈ ਤੌਰ 'ਤੇ ਮਿਟਾ ਦਿੱਤਾ ਗਿਆ। ਦੂਜੇ ਨਵੀਂ ਸਿੱਖਿਆ ਨੀਤੀ 2020 ਤਹਿਤ ਸਿੱਖਿਆ ਨੂੰ ਗੈਰ ਵਿਗਿਆਨਕ ਅਤੇ ਭਗਵਾਂ ਕਰਨ ਬਹੁਤ ਤੇਜ਼ੀ ਨਾਲ ਲਾਗੂ ਕਰ ਰਹੀ ਹੈ। ਸੱਭਿਅਕ ਸਮਾਜ ਵਿੱਚ ਸਿੱਖਿਆ ਮਨੁੱਖੀ ਗਿਆਨ ਦਾ ਸਭ ਤੋਂ ਵੱਡਾ ਸ੍ਰੋਤ ਹੈ। ਸਿੱਖਿਆ ਨਾਲ ਹੀ ਮਨੁੱਖ ਨੇ ਨਵੀਆਂ ਲੱਭਤਾਂ ਲੱਭੀਆਂ ਹਨ। ਸੂਬਾ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਮਨੂ ਸਮ੍ਰਿਤੀ ਅਜਿਹਾ ਗ੍ਰੰਥ ਹੈ, ਜਿਸ ਵਿੱਚ ਵਰਣ ਵੰਡ ਤਹਿਤ ਸਮਾਜ ਅੰਦਰ ਜਾਤ-ਪਾਤ ਦੇ ਭੇਦ ਭਾਵ ਦੇ ਨਾਲ ਨਾਲ ਔਰਤ ਵਿਰੋਧੀ ਮਾਨਸਿਕਤਾ ਦਾ ਥਾਂ ਥਾਂ ਪ੍ਰਚਾਰ ਕੀਤਾ ਗਿਆ ਹੈ। ਆਗੂਆਂ ਨੇ ਐੱਨਸੀਈਆਰਟੀ ਪ੍ਰਬੰਧਕਾਂ ਉਤੇ ਭਾਜਪਾ-ਆਰਐੱਸਐੱਸ ਦੇ ਹਿੰਦੂਵਾਦੀ ਫ਼ਿਰਕੂ ਏਜੰਡੇ ਨੂੰ ਲਾਗੂ ਕਰਨ ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਇਨਕਲਾਬੀ ਕੇਂਦਰ ਪੰਜਾਬ ਨੇ ਸਮੂਹ ਲੋਕ ਪੱਖੀ, ਪ੍ਰਗਤੀਸ਼ੀਲ, ਇਨਕਲਾਬੀ ਜਮਹੂਰੀ ਸਮਾਜਿਕ ਸੰਸਥਾਵਾਂ ਨੂੰ ਮੋਦੀ ਹਕੂਮਤ ਦੇ ਸਿੱਖਿਆ ਦੇ ਇਸ ਭਗਵਾਂਕਰਨ ਦੇ ਹਮਲੇ ਦਾ ਵਿਰੋਧ ਕਰਨ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ।
- Download Babushahi App
-
-