ਇਟਲੀ ਦੇ ਸਕੂਲਾਂ 'ਚ ਬੁਰਕਾ ਅਤੇ ਨਕਾਬ 'ਤੇ ਪਾਬੰਦੀ ਲਗਾਏਗੀ ਮੇਲੋਨੀ ਸਰਕਾਰ; ਵਿਦੇਸ਼ੀ ਵਿਦਿਆਰਥੀਆਂ ਲਈ ਵੀ ਨਵੇਂ ਨਿਯਮਾਂ 'ਤੇ ਵਿਚਾਰ
ਬਾਬੂਸ਼ਾਹੀ ਬਿਊਰੋ
ਰੋਮ, 21 ਸਤੰਬਰ, 2026 :— ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸਕੂਲਾਂ ਵਿੱਚ ਬੁਰਕਾ ਅਤੇ ਨਕਾਬ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਵੱਲੋਂ ਜਲਦ ਹੀ ਇਸ ਪ੍ਰਸਤਾਵ 'ਤੇ ਫ਼ੈਸਲਾ ਲਿਆ ਜਾਵੇਗਾ। ਪ੍ਰਧਾਨ ਮੰਤਰੀ ਮੇਲੋਨੀ ਅਨੁਸਾਰ ਸਕੂਲਾਂ ਵਿੱਚ ਚਿਹਰਾ ਢੱਕਿਆ ਨਹੀਂ ਹੋਣਾ ਚਾਹੀਦਾ ਅਤੇ ਪਰੰਪਰਾ ਦੇ ਨਾਂ 'ਤੇ ਕਿਸੇ ਵਿਅਕਤੀ 'ਤੇ ਚਿਹਰਾ ਢੱਕਣ ਲਈ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ। ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਪ੍ਰਸਤਾਵ ਨੂੰ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ 60 ਦਿਨਾਂ ਦੇ ਅੰਦਰ ਇਸ ਨੂੰ ਮਨਜ਼ੂਰੀ ਮਿਲਣੀ ਲਾਜ਼ਮੀ ਹੋਵੇਗੀ।
ਇਸ ਦੇ ਨਾਲ ਹੀ ਇਟਲੀ ਸਰਕਾਰ ਸਕੂਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਸੀਮਤ ਕਰਨ ਦੀ ਯੋਜਨਾ 'ਤੇ ਵੀ ਵਿਚਾਰ ਕਰ ਰਹੀ ਹੈ। ਪ੍ਰਸਤਾਵਿਤ ਨਿਯਮਾਂ ਅਨੁਸਾਰ ਜਿਨ੍ਹਾਂ ਵਿਦੇਸ਼ੀ ਬੱਚਿਆਂ ਨੂੰ ਇਟਲੀ ਦੀ ਸਿੱਖਿਆ ਪ੍ਰਣਾਲੀ ਅਤੇ ਸਮਾਜ ਵਿੱਚ ਘੁਲਣ-ਮਿਲਣ ਵਿੱਚ ਮੁਸ਼ਕਲ ਆਵੇਗੀ, ਉਨ੍ਹਾਂ ਦੇ ਮਾਪਿਆਂ ਲਈ ਇਟਾਲੀਅਨ ਭਾਸ਼ਾ ਸਿੱਖਣੀ ਲਾਜ਼ਮੀ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਇਟਲੀ ਵਿੱਚ ਜਨਤਕ ਥਾਵਾਂ 'ਤੇ ਪਛਾਣ ਲੁਕਾਉਣ ਵਾਲੇ ਢੰਗ ਨਾਲ ਚਿਹਰਾ ਢੱਕਣ 'ਤੇ 1975 ਤੋਂ ਕਾਨੂੰਨੀ ਪਾਬੰਦੀ ਲਾਗੂ ਹੈ, ਹਾਲਾਂਕਿ 2008 ਵਿੱਚ ਅਦਾਲਤ ਨੇ ਧਾਰਮਿਕ ਜਾਂ ਸੱਭਿਆਚਾਰਕ ਕਾਰਨਾਂ ਕਰਕੇ ਕੁਝ ਛੋਟਾਂ ਦਿੱਤੀਆਂ ਸਨ। ਹੁਣ ਮੇਲੋਨੀ ਸਰਕਾਰ ਸਕੂਲਾਂ ਲਈ ਵਿਸ਼ੇਸ਼ ਨਿਯਮ ਲਿਆ ਰਹੀ ਹੈ। ਇਟਲੀ ਤੋਂ ਪਹਿਲਾਂ ਫਰਾਂਸ ਅਤੇ ਬੈਲਜੀਅਮ ਸਮੇਤ ਵਿਸ਼ਵ ਦੇ ਲਗਭਗ 24 ਦੇਸ਼ਾਂ ਵਿੱਚ ਜਨਤਕ ਥਾਵਾਂ 'ਤੇ ਚਿਹਰਾ ਢੱਕਣ 'ਤੇ ਪਾਬੰਦੀਆਂ ਲਾਗੂ ਹਨ, ਜਿਨ੍ਹਾਂ ਨੂੰ ਯੂਰਪੀਅਨ ਕੋਰਟ ਆਫ਼ ਹਿਊਮਨ ਰਾਈਟਸ ਵੀ ਸਹੀ ਠਹਿਰਾ ਚੁੱਕੀ ਹੈ, ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਅਜਿਹੀਆਂ ਪਾਬੰਦੀਆਂ ਦਾ ਵਿਰੋਧ ਵੀ ਹੁੰਦਾ ਰਿਹਾ ਹੈ।
- Download Babushahi App
-
-