ਆਪਰੇਸ਼ਨ ਪ੍ਰਹਾਰ-2.0: ਤਿੰਨ ਦਿਨਾਂ ਦੌਰਾਨ 18 ਭਗੌੜਿਆਂ ਸਮੇਤ 133 ਗ੍ਰਿਫ਼ਤਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 11 ਫ਼ਰਵਰੀ 2026: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ “ਆਪਰੇਸ਼ਨ ਪ੍ਰਹਾਰ-2.0” ਤਹਿਤ ਅਭਿਮਨਿਉ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਗੈਂਗਸਟਰ ਨੈੱਟਵਰਕ ਨੂੰ ਜੜ੍ਹ ਤੋਂ ਖਤਮ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨਾ ਹੈ।
ਆਪਰੇਸ਼ਨ ਦੇ ਪਹਿਲੇ ਅਤੇ ਦੂਜੇ ਦਿਨ ਰਾਤ ਤੱਕ 102 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ। ਤੀਜੇ ਦਿਨ ਦੀ ਕਾਰਵਾਈ ਦੌਰਾਨ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ, ਜਿਸ ਨਾਲ 03 ਦਿਨਾਂ ਵਿੱਚ ਕੁੱਲ 133 ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ 18 ਘੋਸ਼ਿਤ ਭਗੌੜੇ (Proclaimed Offenders) ਵੀ ਸ਼ਾਮਲ ਹਨ। ਕੁਝ ਮਾਮਲਿਆਂ ਵਿੱਚ ਇਤਰਾਜਯੋਗ ਵਸਤੂਆਂ ਦੀ ਬਰਾਮਦਗੀ ਹੋਈ ਹੈ ਅਤੇ ਸੰਬੰਧਿਤ ਮਾਮਲਿਆਂ ਵਿੱਚ ਹੋਰ ਜਾਂਚ ਜਾਰੀ ਹੈ।
ਤੀਜੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਕੁੱਲ 29 ਸਿਟੀ ਸੀਲਿੰਗ ਨਾਕੇ ਅਤੇ 9 ਜ਼ਿਲ੍ਹਾ ਪੱਧਰੀ ਸੀਲਿੰਗ ਨਾਕੇ ਲਗਾਏ ਗਏ, ਜਿੱਥੇ 250 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਗਹਿਰਾਈ ਨਾਲ ਤਲਾਸ਼ੀ ਕੀਤੀ ਗਈ।
ਇਸ ਤੋਂ ਇਲਾਵਾ, ਜ਼ਿਲ੍ਹੇ ਦੀਆਂ ਚਾਰਾਂ ਸਬ-ਡਿਵੀਜ਼ਨਾਂ — ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ — ਵਿੱਚ ਕੁੱਲ 550 ਪੁਲਿਸ ਅਧਿਕਾਰੀ/ਕਰਮਚਾਰੀ ਤਾਇਨਾਤ ਕਰਕੇ 71 ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਇਨ੍ਹਾਂ ਟੀਮਾਂ ਵੱਲੋਂ ਵੱਖ-ਵੱਖ ਹੋਟਲਾਂ, ਰੈਸਟੋਰੈਂਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ‘ਤੇ ਲਗਾਤਾਰ ਰੇਡ ਅਤੇ ਚੈਕਿੰਗ ਅਭਿਆਨ ਚਲਾਇਆ ਗਿਆ।
ਅਧਿਕਾਰੀਆਂ ਦੀ ਨਿਗਰਾਨੀ
ਇਹ ਸਾਰਾ ਆਪਰੇਸ਼ਨ ਸ੍ਰੀ ਮਨਮੀਤ ਸਿੰਘ ਢਿੱਲੋਂ, ਐਸ.ਪੀ.ਡੀ. ਦੀ ਦੇਖ-ਰੇਖ ਹੇਠ ਡਿਵੀਜ਼ਨ ਵਾਈਜ਼ ਤੌਰ ‘ਤੇ ਚਲਾਇਆ ਗਿਆ, ਜਿਸ ਵਿੱਚ:
ਸ੍ਰੀ ਬਚਨ ਸਿੰਘ, ਡੀ.ਐਸ.ਪੀ(ਸ੍ਰੀ ਮੁਕਤਸਰ ਸਾਹਿਬ),ਸ੍ਰੀ ਨਵੀਨ ਪਾਲ ਸਿੰਘ, ਡੀ.ਐਸ.ਪੀ ( ਮਲੋਟ ),ਸ੍ਰੀ ਅਰਨ ਮੁੰਡਨ, ਡੀ.ਐਸ.ਪੀ (ਗਿੱਦੜਬਾਹਾ),ਸ੍ਰੀ ਹਰਬੰਸ ਸਿੰਘ, ਡੀ.ਐਸ.ਪੀ (ਲੰਬੀ) ਵੱਲੋਂ ਆਪਣੇ-ਆਪਣੇ ਇਲਾਕਿਆਂ ਵਿੱਚ ਮੁਹਿੰਮ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ।
ਐਸਐਸਪੀ ਵੱਲੋਂ ਅਪੀਲ
ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਾਨੂੰਨ-ਵਿਵਸਥਾ ਕਾਇਮ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ, ਸ਼ੱਕੀ ਗਤੀਵਿਧੀਆਂ ਬਾਰੇ ਤੁਰੰਤ ਜਾਣਕਾਰੀ ਦੇਣ ਅਤੇ ਅਫ਼ਵਾਹਾਂ ਤੋਂ ਬਚਣ। ਕਿਸੇ ਵੀ ਅਪਰਾਧਿਕ ਜਾਣਕਾਰੀ ਲਈ ਪੁਲਿਸ ਹੈਲਪਲਾਈਨ ਨੰਬਰ
80549-42100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।