ਅਧਿਆਪਕ ਦਾ ਫਰਜ਼ ਹੁਣ ਡਿਜੀਟਲ ਦੁਨੀਆ ਦੀ ਗ਼ਲਤ ਜਾਣਕਾਰੀ ਦਾ ਮੁਕਾਬਲਾ ਕਰਨਾ: ਡਾ. ਜਗਦੀਪ ਸਿੰਘ
ਡਿਜੀਟਲ ਦੁਨੀਆਂ ਦੀ ਗ਼ਲਤ ਜਾਣਕਾਰੀ ਵਿਰੁੱਧ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੁਣ ਅਧਿਆਪਕ ਦਾ ਫਰਜ਼: ਡਾ. ਜਗਦੀਪ ਸਿੰਘ
ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਲਈ ਨਵੀਆਂ ਅਧਿਆਪਨ ਤਕਨੀਕਾਂ ਬਾਰੇ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ
ਪਟਿਆਲਾ, 4 ਫਰਵਰੀ 2026- ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਲਈ ਆਈ.ਸੀ.ਟੀ. ਅਤੇ ਉਭਰਦੀਆਂ ਅਧਿਆਪਨ ਤਕਨੀਕਾਂ ਸਬੰਧੀ ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਐੱਨ.ਸੀ.ਈ.ਆਰ. ਟੀ. ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ। ਆਸਟ੍ਰੇਲੀਆ ਦੇ ਪਰਥ ਵਿਚਲੀ ਕਰਟਿਨ ਯੂਨੀਵਰਸਿਟੀ ਤੋਂ ਪੁੱਜੀ ਪ੍ਰੋ. ਰੇਚਲ ਸ਼ੈਫੀਲਡ ਨੇ ਮੁੱਖ-ਸੁਰ ਭਾਸ਼ਣ ਦਿੱਤਾ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ
ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਅਧਿਆਪਕ ਦਾ ਸਭ ਤੋਂ ਮੁੱਢਲਾ ਫਰਜ਼ ਡਿਜੀਟਲ ਦੁਨੀਆ ਵਿੱਚ ਫੈਲੀ ਗ਼ਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੈ।
ਉਨ੍ਹਾਂ ਕਿਹਾ ਕਿ ਤਕਨਾਲੋਜੀ ਹੁਣ ਆਧੁਨਿਕ ਅਧਿਆਪਕ ਲਈ ਇੱਕ ਮੁੱਢਲੀ ਲੋੜ ਬਣ ਗਈ ਹੈ। ਅਧਿਆਪਨ ਦੇ ਬਦਲਦੇ ਸਰੂਪ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ 'ਬਲੈਕਬੋਰਡ' ਵਾਲ਼ੇ ਦੌਰ ਨਾਲ ਸਬੰਧ ਰੱਖਦੇ ਹਨ ਪਰ ਅੱਜ, ਏ.ਆਈ. ਦੀ ਬਦੌਲਤ ਤਕਨੀਕੀ ਤਬਦੀਲੀ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਸ ਨਾਲ ਕਦਮ ਮਿਲਾ ਕੇ ਚੱਲਣਾ ਔਖਾ ਹੋ ਸਕਦਾ ਹੈ। ਫਿਰ ਵੀ, ਸਾਨੂੰ ਇਸ ਤਬਦੀਲੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਸ ਡਿਜੀਟਲ ਤਬਦੀਲੀ ਲਈ ਇੱਕ ਪ੍ਰੇਰਕ ਵਜੋਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਕੋਵਿਡ ਦੇ ਸੰਕਟ ਨੇ ਸਿਹਤ ਅਤੇ ਸਿੱਖਿਆ 'ਤੇ ਭਾਵੇਂ ਬੁਰਾ ਪ੍ਰਭਾਵ ਪਾਇਆ ਹੈ, ਪਰ ਇਸ ਨੇ ਆਨਲਾਈਨ ਸਿੱਖਿਆ ਦੇ ਫਾਇਦਿਆਂ ਬਾਰੇ ਇੱਕ ਜ਼ਰੂਰੀ ਚਰਚਾ ਨੂੰ ਵੀ ਜਨਮ ਦਿੱਤਾ।
ਪ੍ਰੋ. ਰੇਚਲ ਸ਼ੈਫੀਲਡ ਨੇ ਡਿਜੀਟਲ ਸਿੱਖਿਆ ਦੇ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਚਰਚਾ ਕਰਦਿਆਂ ਅੰਤਰਰਾਸ਼ਟਰੀ ਪੱਧਰ ਦੀਆਂ ਬਿਹਤਰੀਨ ਅਧਿਆਪਨ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ।
ਸੈਸ਼ਨ ਦੀ ਸ਼ੁਰੂਆਤ ਪ੍ਰੋਗਰਾਮ ਦੇ ਕਨਵੀਨਰ ਅਤੇ ਵਿਭਾਗ ਮੁਖੀ ਡਾ. ਗਗਨ ਦੀਪ ਥਾਪਾ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਉੱਚ ਸਿੱਖਿਆ ਵਿੱਚ ਆਈ.ਸੀ.ਟੀ. ਅਤੇ ਨਵੀਆਂ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਸਮਰੱਥ ਬਣਾਉਣ ਲਈ ਬਹੁਤ ਜ਼ਰੂਰੀ ਹਨ।
ਪ੍ਰੋਗਰਾਮ ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਰੂ-ਪਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਟੀਚਿਆਂ ਅਨੁਸਾਰ ਅਧਿਆਪਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਉਦਘਾਟਨੀ ਸੈਸ਼ਨ ਦੇ ਅੰਤ ਵਿੱਚ ਐੱਨ.ਸੀ.ਈ.ਆਰ. ਟੀ. ਨਵੀਂ ਦਿੱਲੀ ਤੋਂ ਪੁੱਜੇ ਡਾ. ਰਾਜੇਸ਼ ਕੁਮਾਰ ਨੇ ਧੰਨਵਾਦੀ ਭਾਸ਼ਣ ਦਿੱਤਾ।
ਇਸ ਤਿੰਨ ਰੋਜ਼ਾ ਪ੍ਰੋਗਰਾਮ ਵਿੱਚ ਕੁੱਲ 12 ਅਕਾਦਮਿਕ ਸੈਸ਼ਨ ਹੋਣਗੇ ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰ ਆਪਣੇ ਵਿਚਾਰ ਸਾਂਝੇ ਕਰਨਗੇ।