"ਜੂਨ 1984 ਦਾ ਜ਼ਖ਼ਮ ਨਾ ਮਾਫ਼ ਕਰਨ ਯੋਗ ਹੈ ਤੇ ਨਾ ਹੀ ਭੁੱਲਣ ਯੋਗ : ਹਰਸਿਮਰਤ ਕੌਰ ਬਾਦਲ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ 4 ਜੂਨ 2026: ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਹੋਏ ਫ਼ੌਜੀ ਹਮਲੇ (ਓਪਰੇਸ਼ਨ ਬਲੂ ਸਟਾਰ) ਦੀ ਬਰਸੀ ਮੌਕੇ ਕੇਂਦਰ ਦੀ ਤਤਕਾਲੀ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੂਨ 1984 ਦਾ ਇਹ ਦੁਖਾਂਤ ਸਿੱਖ ਕੌਮ ਦੇ ਹਿਰਦੇ 'ਤੇ ਇੱਕ ਅਜਿਹਾ ਡੂੰਘਾ ਜ਼ਖ਼ਮ ਹੈ, ਜੋ "ਨਾ ਕਦੇ ਮਾਫ਼ ਕਰਨ ਯੋਗ ਹੈ ਅਤੇ ਨਾ ਹੀ ਕਦੇ ਭੁੱਲਣ ਯੋਗ"।
ਬੀਬਾ ਬਾਦਲ ਨੇ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 4 ਜੂਨ, 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਭਾਰਤੀ ਫ਼ੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਗਿਆ ਸੀ ਅਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਦਿਨ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਾਸੂਮ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚੇ ਹੋਏ ਸਨ। ਪਰ ਸਰਕਾਰ ਵੱਲੋਂ ਅਚਾਨਕ ਕੀਤੇ ਗਏ ਇਸ ਹਮਲੇ ਕਾਰਨ ਉਹ ਸਾਰੇ ਅੰਦਰ ਹੀ ਬੰਦੀ ਬਣ ਕੇ ਰਹਿ ਗਏ ਅਤੇ ਦੇਖਦਿਆਂ ਹੀ ਦੇਖਦਿਆਂ ਪਵਿੱਤਰ ਅਸਥਾਨ ਇੱਕ ਭਿਆਨਕ ਜੰਗ ਦੇ ਮੈਦਾਨ ਵਿੱਚ ਤਬਦੀਲ ਹੋ ਗਿਆ।
- Download Babushahi App
-
-