ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਕਰਵਾਇਆ
ਮਨਪ੍ਰੀਤ ਸਿੰਘ
ਸ੍ਰੀ ਚਮਕੌਰ ਸਾਹਿਬ, ਰੂਪਨਗਰ 29 ਸਤੰਬਰ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਤੇ ਸੱਭਿਆਚਾਰਕ ਸਮਾਗਮ ਮਾਲਵਾ ਰੂਰਲ ਐਜੂਕੇਸ਼ਨ ਸੁਸਾਇਟੀ, ਬੱਸੀ ਗੁੱਜਰਾਂ ਵਿਖੇ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ, ਵਿਚਾਰਧਾਰਾ ਅਤੇ ਸ਼ਹਾਦਤ ਦੇ ਵੱਖ-ਵੱਖ ਪੱਖਾਂ ਨੂੰ ਗੋਸ਼ਟੀ, ਕਵੀ ਦਰਬਾਰ ਅਤੇ ਗੀਤ-ਸੰਗੀਤ ਰਾਹੀਂ ਰੂਪਮਾਨ ਕੀਤਾ ਗਿਆ।
ਸਮਾਗਮ ਵਿੱਚ ਸਾਬਕਾ ਆਈ.ਏ.ਐਸ. ਅਧਿਕਾਰੀ ਸ. ਕਾਹਨ ਸਿੰਘ ਪੰਨੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪ੍ਰੋ. ਬਾਵਾ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉੱਘੇ ਚਿੰਤਕ ਡਾ. ਕੁਲਦੀਪ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸਮਾਗਮ ਦਾ ਆਗਾਜ਼ ਹੋਇਆ।
ਮੁੱਖ ਵਕਤਾ ਐਡਵੋਕੇਟ ਸਰਬਜੀਤ ਸਿੰਘ ਵਿਰਕ ਨੇ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਗਤ ਸਿੰਘ ਦੀ ਅਸਲੀ ਸ਼ਖ਼ਸੀਅਤ ਨੂੰ ਸਮਝਣ ਲਈ ਉਸ ਦੀਆਂ ਲਿਖਤਾਂ ਦਾ ਅਧਿਐਨ ਕਰਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਨਾਨਕੇ ਅਤੇ ਦਾਦਕੇ ਪਰਿਵਾਰ ਦੇ ਵਡੇਰੇ ਅਗਾਂਹਵਧੂ ਵਿਚਾਰਾਂ ਵਾਲੇ ਸਨ ਅਤੇ ਸਮਾਜਿਕ ਬੁਰਾਈਆਂ ਦੇ ਨਾਲ-ਨਾਲ ਅੰਗਰੇਜ਼ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਵੀ ਆਵਾਜ਼ ਉਠਾਉਂਦੇ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਭਾਵ ਸੁਭਾਵਿਕ ਤੌਰ ’ਤੇ ਭਗਤ ਸਿੰਘ ਦੀ ਸ਼ਖ਼ਸੀਅਤ ’ਤੇ ਪਿਆ।
ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਭਾਵੇਂ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਪਰ ਉਹ ਆਪਣੇ ਸਮਕਾਲੀ ਦੇਸ਼ ਭਗਤ ਜਥੇਬੰਦੀਆਂ ਦੇ ਆਗੂਆਂ ਦਾ ਵੀ ਪੂਰਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਬਾਰੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਲਿਖਦੇ ਰਹੇ। ਉਨ੍ਹਾਂ ਦੱਸਿਆ ਕਿ ਭਗਤ ਸਿੰਘ ਜਲ੍ਹਿਆਂਵਾਲਾ ਬਾਗ ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ਦੇ ਰੋਸ ਵਜੋਂ ਕਾਲੀ ਪੱਗ ਵੀ ਬੰਨ੍ਹਦੇ ਰਹੇ ਅਤੇ ਇਨ੍ਹਾਂ ਇਤਿਹਾਸਕ ਸਥਾਨਾਂ ’ਤੇ ਵੀ ਗਏ।
ਪ੍ਰਧਾਨਗੀ ਭਾਸ਼ਣ ਦੌਰਾਨ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਸਮੇਂ ਭਗਤ ਸਿੰਘ ਆਜ਼ਾਦੀ ਦੀ ਲਹਿਰ ਵਿੱਚ ਕੁੱਦੇ ਅਤੇ ਆਪਣੀ ਵਿਚਾਰਧਾਰਾ ਸਦਕਾ ਲੋਕਾਂ ਵਿੱਚ ਮਕਬੂਲ ਹੋਣ ਲੱਗੇ, ਉਸ ਸਮੇਂ ਪੰਜਾਬ ਭਲਵਾਨੀ ਦੀ ਪਛਾਣ ਤੋਂ ਅੱਗੇ ਵਧ ਕੇ ਬੌਧਿਕ ਖੇਤਰ ਵਿੱਚ ਵੀ ਆਪਣੀ ਪਛਾਣ ਬਣਾਉਣ ਲੱਗਾ। ਉਨ੍ਹਾਂ ਕਿਹਾ ਕਿ ਇਹ ਵਿਚਾਰਨ ਵਾਲੀ ਗੱਲ ਹੈ ਕਿ ਜੇਕਰ ਦੇਸ਼ ਨੂੰ ਚਲਾਉਣ ਵਾਲੀ ਸਿਆਸਤ ਭਗਤ ਸਿੰਘ ਦੀ ਸੋਚ ਅਨੁਸਾਰ ਅੱਗੇ ਵਧਦੀ ਤਾਂ ਅੱਜ ਸਾਹਮਣੇ ਆ ਰਹੇ ਕਈ ਸੰਕਟ ਸ਼ਾਇਦ ਪੈਦਾ ਨਾ ਹੁੰਦੇ।
ਮੁੱਖ ਮਹਿਮਾਨ ਸ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਭਗਤ ਸਿੰਘ ਪੰਜਾਬ ਦੇ ਅਗਾਂਹਵਧੂ ਸੋਚ ਵਾਲੇ ਵਿਚਾਰਵਾਨਾਂ ਲਈ ਅੱਜ ਵੀ ਇੱਕ ਮਹੱਤਵਪੂਰਨ ਹਵਾਲਾ ਬਿੰਦੂ ਹਨ ਅਤੇ ਉਨ੍ਹਾਂ ਦੀ ਵਿਚਾਰਧਾਰਾ ’ਤੇ ਲਗਾਤਾਰ ਵਿਚਾਰ-ਵਟਾਂਦਰਾ ਹੁੰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਭਾਰਤ ਵਿੱਚ ਪੂੰਜੀਵਾਦ ਦਾ ਇੱਕ ਨਵਾਂ ਰੂਪ ਸਾਹਮਣੇ ਆ ਰਿਹਾ ਹੈ, ਜਿਸ ਵਿੱਚੋਂ ਕਿਸਾਨ, ਮਜ਼ਦੂਰ ਅਤੇ ਜ਼ਮੀਨ ਮਨਫ਼ੀ ਹੁੰਦੇ ਜਾ ਰਹੇ ਹਨ ਅਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਮਿਹਨਤਕਸ਼ ਵਰਗ ’ਤੇ ਪੈ ਰਿਹਾ ਹੈ।
ਇਸ ਉਪਰੰਤ ਕਰਵਾਏ ਗਏ ਕਵੀ ਦਰਬਾਰ ਵਿੱਚ ਉੱਘੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਹੀਦ ਭਗਤ ਸਿੰਘ ਦੀ ਸੋਚ, ਸ਼ਹਾਦਤ ਅਤੇ ਸੁਪਨਿਆਂ ਨੂੰ ਸ਼ਬਦਾਂ ਦਾ ਰੂਪ ਦਿੱਤਾ। ਸਤਪਾਲ ਭੀਖੀ ਨੇ ‘ਲੇਬਰ ਚੌਂਕ’ ਅਤੇ ‘ਇਤਿਹਾਸ’, ਸੰਤੋਖ ਸੁੱਖੀ ਨੇ ‘ਮੈਨੂੰ ਪੂਜਣ ਲੱਗ ਜਾਣਗੇ’, ਰਮਨ ਸੰਧੂ ਨੇ ‘ਸ਼ਹਾਦਤ ਦੇ ਮਾਇਨੇ’, ਰਬਿੰਦਰ ਰੱਬੀ ਨੇ ‘ਗੱਲ ਹੈ ਦੇਸ਼ ਦੀ...’, ਬਲਵਿੰਦਰ ਸੰਧੂ ਨੇ ‘ਸੁਰਖ ਗੀਤ’, ਅਵਤਾਰਜੀਤ ਸਿੰਘ ਨੇ ‘ਅਸੀਂ ਜੋ ਵੀ ਲਿਖਦੇ ਹਾਂ...’, ਲਾਭ ਚਤਾਮਲੀ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ਸੁਰਜੀਤ ਜੱਜ ਨੇ ‘ਅਧੂਰਾ ਚੱਲਿਆ ਹਾਂ, ਮੈਨੂੰ ਪੂਰਾ ਕਰਨਾ ਹੈ ਤੁਸੀਂ...’ ਕਵਿਤਾਵਾਂ ਪੇਸ਼ ਕੀਤੀਆਂ।
ਕਵੀ ਦਰਬਾਰ ਦੇ ਅੰਤ ਵਿੱਚ ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਵੀ ਸਦਾ ਜਵਾਨ ਰਹਿਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਆਪਣੀ ਕਵਿਤਾ ‘ਭਗਤ ਸਿੰਘ’ ਪੇਸ਼ ਕੀਤੀ।
ਸਮਾਗਮ ਦੇ ਅਖ਼ੀਰਲੇ ਪੜਾਅ ਵਿੱਚ ਮਾਲਵਾ ਹੇਕ ਗਾਇਕ ਮੰਡਲੀ ਵੱਲੋਂ ਜਗਦੀਸ਼ ਪਾਪੜਾ ਅਤੇ ਸਾਥੀਆਂ ਨੇ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਨਾਲ ਸਮਾਗਮ ਨੂੰ ਸੰਗੀਤਕ ਰੰਗਤ ਬਖ਼ਸ਼ੀ। ਗਾਇਕ ਮੰਡਲੀ ਵੱਲੋਂ ‘ਆਪਣਾ ਪੰਜਾਬ’, ‘ਧਰਤੀ ਪੰਜ ਦਰਿਆਵਾਂ ਦੀ’, ‘ਇਨਕਲਾਬ ਜ਼ਿੰਦਾਬਾਦ’ ਅਤੇ ‘ਆਜ਼ਾਦੀ’ ਆਦਿ ਗੀਤ ਪੇਸ਼ ਕੀਤੇ ਗਏ।
ਮੇਜ਼ਬਾਨ ਸੰਸਥਾ ਦੀ ਚੇਅਰਪਰਸਨ ਅਤੇ ਫ਼ਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ ਨੇ ਸਮਾਗਮ ਵਿੱਚ ਸ਼ਾਮਲ ਸਮੂਹ ਮਹਿਮਾਨਾਂ, ਵਿਦਵਾਨਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਅੰਤ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਹਿਮਾਨਾਂ ਅਤੇ ਕਵੀਆਂ ਨੂੰ ਵਿਭਾਗੀ ਸ਼ਾਲਾਂ ਅਤੇ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਫ਼ਿਲਮੀ ਅਦਾਕਾਰ ਮਲਕੀਤ ਰੌਣੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ, ਸਰੋਤੇ ਅਤੇ ਪਤਵੰਤੇ ਹਾਜ਼ਰ ਸਨ।
- Download Babushahi App
-
-