ਤਰਨ ਤਾਰਨ 'ਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ ਨਰਸ ਨੂੰ ਦਰੜਿਆ, ਮੌਕੇ 'ਤੇ ਹੋਈ ਮੌਤ
Baljit Singh
ਪੱਟੀ/ਤਰਨ ਤਾਰਨ: 17 ਫਰਵਰੀ, 2026
ਖਾਲੜਾ-ਹਰੀਕੇ ਹਾਈਵੇਅ 'ਤੇ ਪਿੰਡ ਦਿਆਲਪੁਰਾ ਬੂੜ ਚੰਦ ਮੋੜ ਦੇ ਨਜ਼ਦੀਕ ਸੋਮਵਾਰ ਸ਼ਾਮ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਕਾਰਨ ਔਰਤ ਦੇ ਸਿਰ ਦੇ ਪਰਖੱਚੇ ਉੱਡ ਗਏ। ਹਾਦਸੇ ਤੋਂ ਤੁਰੰਤ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਮ੍ਰਿਤਕ ਔਰਤ ਦੀ ਪਛਾਣ 42 ਸਾਲਾ ਕੰਵਲਜੀਤ ਕੌਰ ਪਤਨੀ ਰਾਜਵਿੰਦਰ ਸਿੰਘ, ਵਾਸੀ ਪਿੰਡ ਘਰਿਆਲੀ (ਤਰਨ ਤਾਰਨ) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕੰਵਲਜੀਤ ਕੌਰ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਬਤੌਰ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਸੀ। ਸੋਮਵਾਰ ਸ਼ਾਮ ਕਰੀਬ 4 ਵਜੇ ਜਦੋਂ ਉਹ ਹਸਪਤਾਲ ਤੋਂ ਛੁੱਟੀ ਕਰਕੇ ਆਪਣੀ ਐਕਟਿਵਾ (PB46M8781) 'ਤੇ ਸਵਾਰ ਹੋ ਕੇ ਘਰ ਪਰਤ ਰਹੀ ਸੀ, ਤਾਂ ਬੂੜ ਚੰਦ ਮੋੜ ਨੇੜੇ ਇੱਕ ਤੇਜ਼ ਰਫ਼ਤਾਰ ਅਣਪਛਾਤੀ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੱਚਾ ਪੱਕਾ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਥਾਣਾ ਮੁਖੀ ਸਬ-ਇੰਸਪੈਕਟਰ ਕਮਲਜੀਤ ਸਿੰਘ ਅਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਭੇਜ ਦਿੱਤਾ ਹੈ। ਪੁਲਿਸ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀਆਂ ਦੀ ਪਛਾਣ ਲਈ ਹਾਈਵੇਅ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਫ਼ਰਾਰ ਕਾਰ ਚਾਲਕ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।