'ਧਰਮਿੰਦਰ' ਕਤਲ ਕਾਂਡ: ਸਾਥੀ ਵਰਕਰ ਹੀ ਨਿਕਲਿਆ ਕਾਤਲ
ਸੁਖਮਿੰਦਰ ਭੰਗੂ
ਲੁਧਿਆਣਾ 25 ਅਪ੍ਰੈਲ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈ.ਪੀ.ਐਸ, ਕੰਵਲਪ੍ਰੀਤ ਸਿੰਘ ਪੀ.ਪੀ.ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-3 ਲੁਧਿਆਣਾ ਅਤੇ ਜਤਿੰਦਰਪਾਲ ਸਿੰਘ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੀਆਂ ਹਦਾਇਤਾਂ ਮੁਤਾਬਕ SI/SHO ਕ੍ਰਿਸ਼ਨ ਲਾਲ ਮੁੱਖ ਅਫਸਰ ਥਾਣਾ ਹੈਬੋਵਾਲ, ਲੁਧਿਆਣਾ ਨੇ ਸਮੇਤ ਪੁਲਿਸ ਪਾਰਟੀ ਦੇ ਇੱਕ ਕਤਲ ਮਾਮਲੇ ਵਿੱਚ ਦੋਸ਼ੀ ਨੂੰ ਟਰੇਸ ਕਰਕੇ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਕੱਦਮਾ ਨੰਬਰ 113 ਮਿਤੀ 24-04-2026 ਅਧੀਨ ਧਾਰਾ 103 BNS ਥਾਣਾ ਹੈਬੋਵਾਲ, ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਉਮਿਲ ਭਾਰਦਵਾਜ ਪੁੱਤਰ ਪ੍ਰਿਥਵੀ ਰਾਜ ਸ਼ਰਮਾ ਵਾਸੀ ਹੈਬੋਵਾਲ ਕਲਾ, ਲੁਧਿਆਣਾ ਨੇ ਬਿਆਨ ਦਿੱਤਾ ਕਿ ਉਹ ਐਸ.ਐਸ. ਪ੍ਰਿੰਟਿੰਗ ਦੇ ਨਾਮ ’ਤੇ ਹੌਜਰੀ ਦਾ ਕਾਰੋਬਾਰ ਕਰਦਾ ਹੈ, ਜਿੱਥੇ 06 ਵਰਕਰ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ ਧਰਮਿੰਦਰ ਕੁਮਾਰ ਅਤੇ ਬੱਚੇ ਲਾਲ ਵੀ ਸ਼ਾਮਲ ਸਨ।
ਮਿਤੀ 23-04-2026 ਨੂੰ ਤਕਰੀਬਨ 2:30 ਵਜੇ ਸਵੇਰੇ ਉਸਨੂੰ ਪਤਾ ਲੱਗਿਆ ਕਿ ਧਰਮਿੰਦਰ ਕੁਮਾਰ ਫੈਕਟਰੀ ਅੰਦਰ ਖੂਨ ਨਾਲ ਲਥਪਥ ਹਾਲਤ ਵਿੱਚ ਡਿੱਗਿਆ ਪਿਆ ਸੀ ਅਤੇ ਉਸਦੇ ਸਿਰ ’ਤੇ ਗੰਭੀਰ ਸੱਟਾਂ ਸਨ, ਜਿਸ ਕਾਰਨ ਉਸਦੀ ਮੌਤ ਹੋ ਚੁੱਕੀ ਸੀ।
ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਵਰਕਰਾਂ ਵੱਲੋਂ ਰਾਤ ਸਮੇਂ ਸ਼ਰਾਬ ਪੀਤੀ ਗਈ ਸੀ ਅਤੇ ਝਗੜੇ ਦੌਰਾਨ ਧਰਮਿੰਦਰ ਕੁਮਾਰ ਵੱਲੋਂ ਗਾਲੀ-ਗਲੋਚ ਕਰਨ ’ਤੇ ਦੋਸ਼ੀ ਬੱਚੇ ਲਾਲ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਲੋਹੇ ਦਾ ਸਟੂਲ (ਛੋਟਾ ਟੇਬਲ) ਬਰਾਮਦ ਕਰ ਲਿਆ ਗਿਆ ਹੈ। ਮਾਮਲੇ ਨੂੰ ਸਫਲਤਾਪੂਰਵਕ ਟਰੇਸ ਕਰ ਲਿਆ ਗਿਆ ਹੈ।
Click to Follow Babushahi Facebook page →