ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਰਵਾਇਆ ਸਾਲਾਨਾ ਟੂਰਨਾਮੈਂਟ
ਫੁੱਟਬਾਲ, ਕੁਸ਼ਤੀ, ਕਬੱਡੀ ਅਤੇ ਬੱਚਿਆਂ ਦੇ ਦਿਲਚਸਪ ਮੁਕਾਬਲੇ ਹੋਏ
ਹਰਦਮ ਮਾਨ
ਸਰੀ, 23 ਮਈ 2024- ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਦੀ ਯਾਦ ਵਿਚ 56ਵਾਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਫੁੱਟਬਾਲ, ਕਬੱਡੀ, ਕੁਸ਼ਤੀ ਅਤੇ ਬੱਚਿਆਂ ਦੀਆਂ ਦੌੜਾਂ ਦੇ ਰੌਚਕ ਮੁਕਾਬਲੇ ਹੋਏ। ਟੂਰਨਾਮੈਂਟ ਦੀ ਸ਼ੁਰੂਆਤ ਫੁੱਟਬਾਲ ਮੁਕਾਬਲਿਆਂ ਨਾਲ ਹੋਈ। ਫੁੱਟਬਾਲ ਦੀਆਂ 80 ਟੀਮਾਂ ਇਸ ਮੁਕਾਬਲੇ ਵਿਚ ਸ਼ਾਮਲ ਹੋਈਆਂ। ਗੋਲਡਨ ਡਵੀਜ਼ਨ ਦੇ ਮੁਕਾਬਲੇ ਵਿਚ ਸਿੱਖ ਟੈਂਪਲ ਨੇ ਬੀ.ਸੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਸਿਲਵਰ ਡਵੀਜ਼ਨ ਮੁਕਾਬਲੇ ਵਿਚ ਸਿੱਖ ਟੈਂਪਲ ਨੇ ਵੈਨਕੂਵਰ ਸਿਟੀ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਕੁਸ਼ਤੀ ਮੁਕਾਬਲਿਆਂ ਵਿਚ 200 ਦੇ ਕਰੀਬ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਦੀ ਕੁਸ਼ਤੀ ਮੁਕਾਬਲੇ ਵਿਚ ਗੁਰੂ ਗੋਬਿੰਦ ਸਿੰਘ ਐਬਸਫੋਰਡ ਕਲੱਬ ਦੇ ਜ਼ੋਰਾਵਰ ਢੀਂਡਸਾ ਨੇ ਰੁਸਤਮ ਕਲੱਬ ਸਰੀ ਦੇ ਬਲਤੇਜ ਮੁੰਡੀ ਨੂੰ ਹਰਾ ਕੇ ਪਟਕਾ ਜਿੱਤਿਆ। ਲੜਕੀਆਂ ਦੇ ਕੈਨੇਡਾ ਕੇਸਰੀ ਮੁਕਾਬਲੇ ਵਿਚ ਐਬਸਫੋਰਡ ਦੀ ਰੁਪਿੰਦਰ ਕੌਰ ਜੌਹਲ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਬਾਲਾ ਜੀ ਰੈਸਲਿੰਗ ਕਲੱਬ ਦੀ ਅੰਬਿਕਾ ਸ਼ੇਖਾਵਤ ਦੂਜੇ ਸਥਾਨ ‘ਤੇ ਰਹੀ। ਬਾਲ ਕੇਸਰੀ ਵਿਚ ਗੁਰਲੀਨ ਪਹਿਲੇ ਸਥਾਨ ‘ਤੇ ਅਤੇ ਪਾਰੀ ਦੂਜੇ ਸਥਾਨ ‘ਤੇ ਰਹੀ।
ਕਬੱਡੀ ਦੇ ਮੈਚਾਂ ਵਿਚ ਕੈਨੇਡਾ ਦੇ ਜੰਮਪਲ ਬੱਚਿਆਂ ਦੇ ਤਿੰਨ ਮੁਕਾਬਲੇ ਕਰਵਾਏ ਗਏ ਅਤੇ 6 ਹੋਰ ਮੈਚ ਕਰਵਾਏ ਗਏ। ਫਾਈਨਲ ਮੈਚ ਕੈਨੇਡਾ ਦੇ ਜੰਮਪਲ ਬੱਚਿਆਂ ਦਾ ਕਰਵਾਇਆ ਗਿਆ। ਸਾਰੇ ਮੈਚ ਕਬੱਡੀ ਫੈਡਰੇਸ਼ਨ ਆਫ਼ ਬੀ.ਸੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਜਿਸ ਦੀ ਜ਼ਿੰਮੇਵਾਰੀ ਲਾਲੀ ਢੇਸੀ ਤੇ ਭੋਲਾ ਸੰਧੂ ਨੇ ਖ਼ੂਬ ਨਿਭਾਈ। ਫਾਈਨਲ ਮੈਚ ਵਿਚ ਪੰਜਾਬ ਕੇਸਰੀ ਆਜ਼ਾਦ ਨੇ ਸ਼ਹੀਦ ਭਗਤ ਸਿੰਘ ਸਰਹਾਲਾ ਰਣੂੰਆ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਬਾ ਸੁਰਸਿੰਘ ਵਾਲਾ ਨੂੰ ਵਧੀਆ ਰੇਡਰ ਅਤੇ ਸੱਤੂ ਖਡੂਰ ਸਾਹਿਬ ਵਾਲਾ ਨੂੰ ਸਰਵੋਤਮ ਜਾਫੀ ਐਲਾਨਿਆ ਗਿਆ। ਬੱਚਿਆਂ ਦੀਆਂ ਦੌੜਾਂ ਦੇ ਮੁਕਾਬਲੇ ਵੀ ਬੇਹੱਦ ਰੌਚਕ ਰਹੇ। ਇਨ੍ਹਾਂ ਖੇਡ ਮੁਕਾਬਲਿਆਂ ਨੂੰ ਸੈਂਕੜੇ ਦਰਸ਼ਕਾਂ ਨੇ ਮਾਣਿਆ।
ਟੂਰਨਾਮੈਂਟ ਦੌਰਾਨ ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਬੀ.ਸੀ. ਯੂਨਾਈਟਡ ਆਗੂ ਕੇਵਿਨ ਫਾਲਕਨ ਅਤੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਡ ਨੇ ਸ਼ਮੂਲੀਅਤ ਕਰ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਨੇ ਟੂਰਨਾਮੈਂਟ ਸਫਲ ਬਣਾਉਣ ਲਈ ਸਮੂਹ ਖਿਡਾਰੀਆਂ, ਸਪਾਸਰਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ। ਟੂਰਨਾਮੇਂਟ ਦੌਰਾਨ ਲੰਗਰ ਕਮੇਟੀ ਨੇ ਸ਼ਾਨਦਾਰ ਸੇਵਾਵਾਂ ਨਿਭਾਈਆਂ।