ਰੋਡ ਰੇਜ ਐਨਸੀਡੈਂਟ ਨੇ ਅਮਰੀਕਾ ਵਿੱਚ ਲਈ ਪੰਜਾਬੀ ਨੌਜਵਾਨ ਦੀ ਜਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਗਰੀਨਵੁੱਡ (ਲੁਜੀਆਨਾ), 28 ਅਪ੍ਰੈਲ 2024 - ਅਮਰੀਕਾ ਦੀ ਲੂਜੀਆਨਾ ਸਟੇਟ ਦੇ ਸ਼ਹਿਰ ਗਰੀਨਵੁੱਡ ਤੋਂ ਬੜੀ ਮਾੜੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੜਕ ਤੇ ਹੋਏ ਮਾਮੂਲੀ ਤਕਰਾਰ ਨੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਜੱਜ (36), ਨਿਵਾਸੀ ਯੂਬਾ ਸਿਟੀ ਕੈਲੀਫੋਰਨੀਆ ਦੀ ਜਾਂਨ ਲੈ ਲਈ। ਇਹ ਘਟਨਾ ਲੰਘੇ ਮੰਗਲਵਾਰ ਸਵੇਰੇ 10 ਕੁ ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਗੁਰਪ੍ਰੀਤ ਸਿੰਘ ਜੱਜ ਆਪਣੇ ਟਰੱਕ ਵਿੱਚ ਫਰੀਵੇਅ 20 ਤੇ ਟਰੈਵਲ ਕਰ ਰਿਹਾ ਸੀ, ਕਿ ਉਸਦਾ ਡਾਰਕ ਰੰਗ ਦੇ ਐਕੁਇਰਾ ਐਸ ਯੂ ਵਿ ਵਾਲੇ ਡਰਾਈਵਰ ਨਾਲ ਕਿਸੇ ਗੱਲੋਂ ਝਗੜਾ ਸ਼ੁਰੂ ਹੋ ਗਿਆ।
ਬਹਿਸਬਾਜੀ ਤੋ ਗੱਲ ਅੱਗੇ ਵਧੀ, ਦੋਵਾਂ ਡਰਾਇਵਰਾਂ ਨੇ ਗੱਡੀਆਂ 20 ਫਰੀਵੇਅ ਅਤੇ ਹਾਈਵੇਅ 80 ਦੇ ਇਗਜਟ ਨੰਬਰ ਤਿੰਨ ਦੇ ਰੈਂਪ ਉੱਤੇ ਕੱਢ ਲਈਆ। ਜਦੋ ਗੁਰਪ੍ਰੀਤ ਸਿੰਘ ਜੱਜ ਆਪਣੇ ਸੈਮੀ ਟਰੱਕ ਚੋਂ ਉਤਰਕੇ ਡਾਰਕ ਰੰਗ ਦੇ ਐਸ ਯੂ ਵੀ ਵੱਲ ਨੂੰ ਵਧਿਆ ਤਾਂ ਉਸਨੇ ਗੰਨ ਕੱਢ ਲਈ, ਇਹ ਵੇਖਕੇ ਗੁਰਪ੍ਰੀਤ ਸਿੰਘ ਜੱਜ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਰ ਡਰਾਈਵਰ ਨੇ ਉਸਨੂੰ ਪਿੱਛੋਂ ਗੋਲੀਆਂ ਨਾਲ ਭੁੰਨ ਦਿੱਤਾ ਜਿਸਦੀ ਮੌਕੇ ਤੇ ਮੌਤ ਹੋ ਗਈ, ਅਤੇ ਕਾਰ ਡਰਾਈਵਰ ਟੈਕਸਾਸ ਸਟੇਟ ਵੱਲ ਨੂੰ ਹਾਈਵੇਅ 20 ਤੇ ਪੱਛਮ ਵੱਲ ਨੂੰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਮੌਕੇ ਤੇ ਮਜੂਦ ਹੋਰ ਟਰੱਕਾਂ ਦੇ ਕੈਮਰੇ ਖੁੰਗਾਲਕੇ ਦੋਸੀ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ। ਮ੍ਰਿਤਕ ਪੰਜਾਬ ਦੇ ਪਿੰਡ ਅਤੋਵਾਲ ਤੋ ਦੱਸਿਆ ਜਾ ਰਿਹਾ ਹੈ।