ਏਸ਼ੀਅਨ ਯੂ-20 ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਣ ਵਾਲੀ ਬੇਟੀ ਅਮਾਨਤ ਕੌਰ ਦਾ ਸਨਮਾਨ
ਅਮਾਨਤ ਕੌਰ ਦੁਨੀਆਂ ਭਰ ਵਿੱਚ ਪੰਜਾਬ ਦਾ ਨਾਮ ਕਰੇਗੀ ਰੋਸ਼ਨ : ਸਪੀਕਰ ਸੰਧਵਾਂ
ਦੀਪਕ ਗਰਗ
ਕੋਟਕਪੂਰਾ, 1 ਮਈ 2024 :- ਵਰਤਮਾਨ ਸਮੇਂ ਵਿੱਚ ਧੀਆਂ ਵੀ ਪੁੱਤਰਾਂ ਦੀ ਤਰਾਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ, ਇਸ ਲਈ ਪੁੱਤਰਾਂ ਦੀ ਤਰਾਂ ਧੀਆਂ ਦਾ ਵੀ ਜਿੱਥੇ ਬਰਾਬਰ ਸਤਿਕਾਰ ਹੋਣਾ ਚਾਹੀਦਾ ਹੈ, ਉੱਥੇ ਸਮਾਜ ਵਿੱਚ ਧੀਆਂ, ਭੈਣਾ ਅਤੇ ਮਾਤਾਵਾਂ ਨੂੰ ਜੇਕਰ ਸਤਿਕਾਰ ਦੀ ਭਾਵਨਾ ਨਾਲ ਦੇਖਿਆ ਜਾਵੇਗਾ ਤਾਂ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਹੋਣੀ ਸੁਭਾਵਿਕ ਹੈ। ਜਿਲਾ ਫਾਜਿਲਕਾ ਦੇ ਨੇੜੇ ਪਿੰਡ ਆਲਮ ਸ਼ਾਹ ਦੀ ਵਸਨੀਕ ਖਿਡਾਰਨ ਅਮਾਨਤ ਕੌਰ ਕੰਬੋਜ ਵਲੋਂ ਦੁੱਬਈ ਵਿਖੇ ਹੋਈ ਏਸ਼ੀਅਨ ਯੂ-20 ਚੈਂਪੀਅਨਸ਼ਿਪ ਵਿੱਚ ਡਿਸਕਸ ਥ੍ਰੋਅ ਵਿੱਚ ਸਿਲਵਰ ਮੈਡਲ ਜਿੱਤਣ ਅਤੇ ਪੈਰਿਸ ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਲਈ ਕੁਆਲੀਫਾਈ ਹੋਣ ’ਤੇ ਖੁਸ਼ੀ ਪ੍ਰਗਟਾਉਂਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਸੰਧਵਾਂ ਵਿਖੇ ਅਮਾਨਤ ਕੌਰ ਕੰਬੋਜ ਦਾ ਜਿੱਥੇ ਵਿਸ਼ੇਸ਼ ਸਨਮਾਨ ਕੀਤਾ, ਉੱਥੇ ਉਸਦੇ ਮਾਪਿਆਂ ਨੂੰ ਵੀ ਹੋਣਹਾਰ ਬੇਟੀ ਦੀ ਚੰਗੀ ਪ੍ਰਵਰਿਸ਼ ਬਦਲੇ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਮੁਬਾਰਕਬਾਦ ਵੀ ਦਿੱਤੀ। ਉਹਨਾਂ ਆਸ ਪ੍ਰਗਟਾਈ ਕਿ ਇਹ ਹੋਣਹਾਰ ਬੇਟੀ ਆਪਣੇ ਮਾਪਿਆਂ ਅਤੇ ਨਗਰ ਸਮੇਤ ਪੰਜਾਬ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕਰੇਗੀ। ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਪਹਿਲੀ ਵਾਰ 11 ਖਿਡਾਰੀਆਂ ਦੀ ਪੀਸੀਐੱਸ ਅਤੇ ਡੀਐੱਸਪੀ ਅਹੁਦਿਆਂ ’ਤੇ ਨਿਯੁਕਤੀ ਹੋਈ ਹੈ, ਜਿਸ ਦਾ ਸਿਹਰਾ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਜਾਂਦਾ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਮੌਕੇ 14 ਸਾਲ ਤੋਂ ਲੈ ਕੇ 65 ਸਾਲ ਤੋਂ ਵੱਧ ਉਮਰ ਦੇ ਖਿਡਾਰੀ ਸ਼ਾਮਲ ਕੀਤੇ ਗਏ ਹਨ ਅਤੇ ਲਗਭਗ 12 ਹਜਾਰ ਜੇਤੂ ਖਿਡਾਰੀਆਂ ਨੂੰ 8.97 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀਆਂ ਕੌਸ਼ਿਸ਼ਾਂ ਨਾਲ ਬੱਚਿਆਂ ਅਤੇ ਨੌਜਵਾਨਾ ਦਾ ਮਨੌਬਲ ਮਜਬੂਤ ਹੋਇਆ ਹੈ, ਕਿਉਂਕਿ ਮੈਡਲ ਜੇਤੂ ਖਿਡਾਰੀਆਂ ਲਈ ਵਿਸ਼ੇਸ਼ ਕਾਡਰ ਵਿੱਚ 500 ਅਹੁਦੇ ਰੱਖੇ ਗਏ ਅਤੇ ਪਹਿਲੀਵਾਰ ਖਿਡਾਰੀਆਂ ਵਾਂਗ ਕੋਚਾਂ ਤੇ ਪ੍ਰਮੋਟਰਾਂ ਲਈ ਵੀ ਐਵਾਰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਨੌਜਵਾਨਾ ਦੀ ਸ਼ਮੂਲੀਅਤ ਵਧਾਉਣ ’ਤੇ ਜੋਰ ਦਿੱਤਾ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਦਾ ਖੇਡਾਂ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਨਾਲ ਜੋੜਨ ਦਾ ਵਿਲੱਖਣ ਉਪਰਾਲਾ ਤੇ ਰਣਨੀਤੀ ਹੈ। ਕਰੀਬ 32 ਏਸ਼ੀਅਨ ਮੈਡਲ ਜੇਤੂਆਂ ਨੂੰ 29.35 ਕਰੋੜ ਰੁਪਏ, ਜਦਕਿ ਕੌਮੀ ਖੇਡਾਂ ਦੇ 136 ਮੈਡਲ ਜੇਤੂਆਂ ਨੂੰ 4.58 ਕਰੋੜ ਰੁਪਏ ਅਰਥਾਤ 168 ਖਿਡਾਰੀਆਂ ਨੂੰ 33.85 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਤਕਸੀਮ ਕੀਤੀ ਗਈ। ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਫਾਇਦਿਆਂ ਅਤੇ ਨੌਜਵਾਨਾ ਤੇ ਬੱਚਿਆਂ ਦੇ ਸੁੰਦਰ ਬਣਨ ਵਾਲੇ ਭਵਿੱਖ ਸਬੰਧੀ ਮੈਂ ਸਿਰਫ ਐਨਾ ਹੀ ਕਹਾਂਗਾ ਕਿ ਏਸ਼ੀਅਨ ਖੇਡਾਂ ਦੇ 32 ਖਿਡਾਰੀਆਂ ਨੂੰ 29.25 ਕਰੋੜ ਰੁਪਏ, ਬਰਮਿੰਘਮ ਕਾਮਨ ਵੈਲਥ ਗੇਮਜ਼ ਦੇ 23 ਖਿਡਾਰੀਆਂ ਨੂੰ 9.30 ਕਰੋੜ ਰੁਪਏ, ਖੇਡਾਂ ਵਤਨ ਪੰਜਾਬ ਦੀਆਂ ਸੀਜਨ-1 ਦੇ 9961 ਖਿਡਾਰੀਆਂ ਨੂੰ 6.85 ਕਰੋੜ, ਖੇਡਾਂ ਵਤਨ ਪੰਜਾਬ ਦੀਆਂ-2 ਦੇ 12 ਹਜਾਰ ਖਿਡਾਰੀਆਂ ਨੂੰ 8.97 ਕਰੋੜ, ਗੁਜਰਾਤ ਨੈਸ਼ਨਲ ਗੇਮਜ਼ ਦੇ 147 ਖਿਡਾਰੀਆਂ ਨੂੰ 5.43 ਕਰੋੜ, ਗੋਆ ਨੈਸ਼ਨਲ ਗੇਮਜ ਦੇ 136 ਖਿਡਾਰੀਆਂ ਨੂੰ 4.58 ਕਰੋੜ, 5 ਸਾਲ ਤੋਂ ਬਕਾਇਆ ਇਨਾਮੀ ਰਾਸ਼ੀ ਵਾਲੇ 1807 ਖਿਡਾਰੀਆਂ ਨੂੰ 5.94 ਕਰੋੜ ਰੁਪਏ ਅਤੇ ਏਸ਼ੀਅਨ ਗੇਮਜ ਦੀ ਤਿਆਰੀ ਲਈ 58 ਖਿਡਾਰੀਆਂ ਨੂੰ 4.64 ਕਰੋੜ ਅਰਥਾਤ ਕੁੱਲ 24164 ਖਿਡਾਰੀਆਂ ਨੂੰ 74.96 ਕਰੋੜ ਰੁਪਏ ਦੀ ਇਨਾਮ ਰਾਸ਼ੀ ਤਕਸੀਮ ਕੀਤੀ ਗਈ।