ਖਰਚਾ ਆਬਜ਼ਰਵਰ ਅਮਿਤ ਸੰਜੇ ਗੁਰਵ ਵੱਲੋਂ ਚੌਕਸੀ ਟੀਮਾਂ ਨਾਲ ਵਿਸਤ੍ਰਿਤ ਮੀਟਿੰਗ
ਦਲਜੀਤ ਕੌਰ
ਸੰਗਰੂਰ, 09 ਮਈ, 2024: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ-12 ਸੰਗਰੂਰ ਵਿਖੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਨਜ਼ਰ ਰੱਖਣ ਲਈ ਖਰਚਾ ਆਬਜ਼ਰਵਰ ਵਜੋਂ ਤੈਨਾਤ ਕੀਤੇ ਗਏ ਆਈ.ਆਰ.ਐਸ. ਅਧਿਕਾਰੀ ਅਮਿਤ ਸੰਜੇ ਗੁਰਵ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਵਿਧਾਨ ਸਭਾ ਸੈਗਮੈਂਟਾਂ ਵਿੱਚ ਕਾਰਜਸ਼ੀਲ ਵੱਖ ਵੱਖ ਚੌਕਸੀ ਟੀਮਾਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਹਲਕੇ ਵਿੱਚ ਕਾਰਜਸ਼ੀਲ ਟੀਮਾਂ ਦਾ ਹਰ ਮੈਂਬਰ ਅੱਖ ਅਤੇ ਕੰਨ ਵਜੋਂ ਕੰਮ ਕਰ ਰਿਹਾ ਹੈ ਤਾਂ ਜੋ ਚੋਣਾਂ ਨਾਲ ਸਬੰਧਤ ਹਰ ਸਰਗਰਮੀ ਉੱਤੇ ਬਾਜ ਅੱਖ ਰੱਖਦੇ ਹੋਏ ਹਰ ਛੋਟੇ ਅਤੇ ਵੱਡੇ ਖਰਚੇ ਨੂੰ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਸ਼ਾਮਿਲ ਕਰਨਾ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਇਸ ਦੌਰਾਨ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੀਲੈਂਸ ਟੀਮਾਂ, ਵੀ. ਐਸ. ਟੀ., ਵੀਡੀਓ ਵੀਊਇੰਗ ਟੀਮ ਅਤੇ ਅਕਾਊਟਿੰਗ ਟੀਮਾਂ ਦੀ ਹੁਣ ਤੱਕ ਦੀ ਕਾਰਗੁਜਾਰੀ ਦਾ ਜਾਇਜਾ ਲਿਆ ਅਤੇ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਟੀਮਾਂ ਦੀ ਕਾਰਜਸ਼ੈਲੀ ਵਿੱਚ ਵਧੇਰੇ ਸੁਧਾਰ ਲਿਆਉਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਸਾਂਝ ਪਾਈ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਲਈ 95 ਲੱਖ ਰੁਪਏ ਖਰਚਣ ਦੀ ਸੀਮਾ ਤੈਅ ਕੀਤੀ ਗਈ ਹੈ ਅਤੇ ਸਮੁੱਚੀਆਂ ਚੌਕਸੀ ਟੀਮਾਂ ਆਪਣੀ ਤੈਨਾਤੀ ਦੇ ਖੇਤਰ ਅਤੇ ਜਿੰਮੇਵਾਰੀਆਂ ਨੂੰ ਆਪਸੀ ਮਿਲਵਰਤਨ ਨਾਲ ਨਿਭਾਉਣ ਲਈ ਪਾਬੰਦ ਰਹੇ। ਇਸ ਮੌਕੇ ਡੀ.ਸੀ.ਐਫ.ਏ. ਅਸ਼ਵਨੀ ਜਿੰਦਲ, ਏ.ਸੀ.ਐਫ.ਏ. ਕਮਲ ਸ਼ਰਮਾ, ਸਹਾਇਕ ਖਰਚਾ ਅਧਿਕਾਰੀ ਰਵਿੰਦਰ ਨਾਥ ਵੀ ਮੌਜੂਦ ਸਨ।