ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਸਮੇਤ ਪੀੜਤ ਦਲਿਤ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਨਿੰਦਾ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 8 ਮਈ, 2024: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਪਿੰਡ ਲਾਂਗੜੀਆਂ ਮਲੇਰਕੋਟਲਾ ਵਿਖੇ ਦਲਿਤ ਮਜ਼ਦੂਰਾਂ ਨਾਲ ਹੋਈ ਵਧੀਕੀ ਦੇ ਮਸਲੇ ਵਿੱਚ ਇਨਸਾਫ਼ ਦੇਣ ਦੀ ਬਜਾਏ ਮਲੇਰਕੋਟਲਾ ਵਿਖੇ ਮੁੱਖ ਮੰਤਰੀ ਦੇ ਰੋਡ ਸ਼ੋਅ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਵਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਗਤਾਰ ਸਿੰਘ ਤੋਲੇਵਾਲ ਸਮੇਤ ਪੀੜਤ ਦਲਿਤ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਗ੍ਰਿਫ਼ਤਾਰ ਆਗੂ ਸਮੇਤ ਪੀੜਤ ਦਲਿਤ ਮਜ਼ਦੂਰਾਂ ਨੂੰ ਤੁਰੰਤ ਰਿਹਾਅ ਕਰਨ ਤੇ ਪੀੜਤ ਮਜ਼ਦੂਰਾਂ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਪਿੰਡ ਲਾਂਗੜੀਆ ਦੇ ਪੀੜਤ ਦਲਿਤ ਮਜ਼ਦੂਰਾਂ ਦੇ ਮਸਲੇ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦੇ ਰਾਜ ਵਿੱਚ ਦਲਿਤ ਮਜ਼ਦੂਰਾਂ ਉੱਪਰ ਵਧੀਕੀਆਂ ਦੀ ਘਟਨਾਵਾਂ ਬੇਰੋਕ ਵੱਧ ਫੁੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੋਡ ਸ਼ੋਅ ਕਰ ਰਿਹਾ ਅਤੇ ਦੂਜੇ ਪਾਸੇ ਉਸ ਪਾਸ ਦਲਿਤ ਮਜ਼ਦੂਰਾਂ ਦੀ ਗੱਲ ਸੁਣਨ ਤੱਕ ਦਾ ਵੀ ਸਮਾਂ ਨਹੀਂ। ਉਨ੍ਹਾਂ ਕਿਹਾ ਕਿ ਲਾਂਗੜੀਆ ਪਿੰਡ ਵਿੱਚ ਕੇਵਲ ਪਲਾਟਾਂ ਦਾ ਮਸਲਾ ਹੀ ਨਹੀਂ, ਮੁੱਖ ਰੂਪ ਵਿੱਚ ਗੈਰ ਕਾਨੂੰਨੀ ਢੰਗ ਨਾਲ ਸੱਤਾਧਾਰੀ ਧਿਰ ਆਪ ਅਤੇ ਹਾਕਮ ਜਮਾਤ ਕਾਂਗਰਸ ਪਾਰਟੀ ਦਾ ਰਸੂਖ਼ ਪ੍ਰਾਪਤ ਧਨਾਢਾਂ ਵਲੋਂ ਕਬਜ਼ਾਈ 550 ਬਿੱਘਾ ਜ਼ਮੀਨ ਦਾ ਮਸਲਾ ਹੈ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦੀਆਂ ਉਪਰੋਕਤ ਪਾਰਟੀਆਂ ਦੇ ਰਸੂਖ਼ ਸਦਕਾ ਪੇਂਡੂ ਧਨਾਢ ਦਲਿਤ ਮਜ਼ਦੂਰਾਂ ਦਾ ਹੱਕ ਮਾਰਨਾ ਚਾਹੁੰਦੇ ਹਨ, ਜਿਸਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਕੰਧ ਉੱਪਰ ਲਿਖਿਆ ਪੜ੍ਹ ਲਵੇ ਕਿ "ਜਿੱਥੇ ਜ਼ਬਰ ਹੈ,ਉੱਥੇ ਟਾਕਰਾ ਵੀ ਹੈ" ਦੇ ਸਿਧਾਂਤ ਉੱਪਰ ਪਹਿਰਾ ਦਿੰਦੇ ਹੋਏ ਕਿਰਤੀ ਲੋਕ ਸਰਕਾਰ ਦੇ ਹਰ ਜ਼ਬਰ ਦਾ ਟਾਕਰਾ ਕਰਦੇ ਹੋਏ ਆਪਣਾ ਜ਼ਮੀਨ ਦਾ ਹੱਕ ਪ੍ਰਾਪਤ ਕਰਨ ਤੱਕ ਸੰਘਰਸ਼ ਜਾਰੀ ਰੱਖਣਗੇ।