ਹਰੀਸ ਕਾਲੜਾ
ਰੂਪਨਗਰ, 21 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਮੱਦੇਨਜਰ ਸਿਹਤ ਵਿਭਾਗ ਰੂਪਨਗਰ ਵੱਲੋਂ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਸ਼ਹਿਰੀ ਖੇਤਰ ਵਿੱਚ ਵੱਖ-ਵੱਖ ਥਾਵਾਂ ਜਿਵੇਂ ਕਿ ਝੁੱਗੀਆਂ-ਝੋਂਪੜੀਆਂ, ਸਲੱਮ ਇਲਾਕਿਆਂ, ਭੱਠਿਆਂ ਅਤੇ ਟੱਪਰੀਵਾਸ ਇਲਾਕਿਆਂ ਵਿੱਚ ਰਹਿ ਰਹੀ ਮਾਇਗ੍ਰੇਟਰੀ ਅਬਾਦੀ ਦੀ ਵਿਸ਼ੇਸ਼ ਤੌਰ 'ਤੇ ਕਲੀਨਿਕਲ ਸਕਰੀਨਿੰਗ ਕੀਤੀ ਜਾ ਰਹੀ ਹੈ, ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਅਤੇ ਸਾਰੀ ਪ੍ਰਵਾਸੀ ਜਨਸੰਖਿਆ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਸ਼ੱਕੀ ਕੇਸ ਦੇ ਸਾਹਮਣੇ ਆਉਣ ਤੇ ਜਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।ਇਸੇ ਤਹਿਤ ਅੱਜ ਬਲਾਕ ਕੀਰਤਪੁਰ ਸਾਹਿਬ ਦੇ 48, ਭਰਤਗੜ੍ਹ ਦੇ 36, ਨੂਰਪੁਰਬੇਦੀ ਦੇ 117,ਚਮਕੋਰ ਸਾਹਿਬ ਦੇ 16, ਮੋਰਿੰਡਾ ਦੇ 37, ਸ਼੍ਰੀ ਆਨੰਦਪੁਰ ਸਾਹਿਬ ਦੇ 45 ਅਤੇ ਨੰਗਲ ਦੇ 38 ਪ੍ਰਵਾਸੀਆਂ ਦੀ ਕਲੀਨਿਕਲ ਸਕਰੀਨਿੰਗ ਕੀਤੀ ਗਈ ਹੈ।
ਇਸ ਤੋਂ ਇਲਾਵਾ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕੋਰੋਨਾ ਤੋਂ ਬਚਣ ਆਪਸੀ ਦੂਰੀ ਬਣਾ ਕੇ ਰੱਖਣ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਇਆ ਜਾਵੇ, ਖੰਘਣ ਜਾਂ ਛਿੱਕਣ ਸਮੇਂ ਮੂੰਹ ਨੂੰ ਰੁਮਾਲ ਨਾਲ ਢੱਕ ਕੇ ਰੱਖਣ, ਘਰੋਂ ਬਾਹਰ ਸਿਰਫ ਅਤਿ ਜਰੂਰੀ ਹਾਲਾਤਾਂ ਵਿੱਚ ਨਿਯਮਾਂ ਦੀ ਪਾਲਣਾ ਕਰਦੇ ਹੋਏ ਹੀ ਨਿਕਲਣ ਅਤੇ ਮੂੰਹ ਤੇ ਮਾਸਕ ਪਾਉਣਾ ਯਕੀਨੀ ਬਣਾਉਣ, ਕਰਫਿਊ ਦੋਰਾਨ ਪ੍ਰਸ਼ਾਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਘਰ ਵਿੱਚ ਹੀ ਰਹਿਣ ਕਿਉਂਕਿ ਕੋਰੋਨਾ ਵਾਇਰਸ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਘਰ ਵਿੱਚ ਰਹਿਣਾ ਹੀ ਹੈ। ਕਿਸੇ ਵੀ ਮੈਡੀਕਲ ਐਮਰਜੇਂਸੀ ਅਤੇ ਸਿਹਤ ਸੰਬੰਧੀ ਜਾਣਕਾਰੀ ਲਈ 112 ਜਾਂ 01881-227241 ਹੈਲਪਲਾਇਨ ਤੇ ਸੰਪਰਕ ਕੀਤਾ ਜਾ ਸਕਦਾ ਹੈ।