ਆਪਣੇ ਕਰੋਨਾ ਯੋਧਿਆਂ ਦਾ ਵੀ ਕੀਤਾ ਸਤਿਕਾਰ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2020: ਬਠਿੰਡਾ ਵਿਚ ਅੱਜ ‘ਜੈਕਾਰਾ ਜੈ ਘੋਸ਼ ਦਿਵਸ’ ਤਹਿਤ ਲੋਕਾਂ ਨੇ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’, ‘ਹਰ ਹਰ ਮਹਾਦੇਵ’ ‘ਹੈਲਾਲੁਈਆ‘, ‘ਅੱਲਾ ਹੂ ਅਕਬਰ’ ਦੇ ਜੈਕਾਰਿਆਂ ਨਾਲ ਇਕ ਪਾਸੇ ਜਿੱਥੇ ਆਪਣੇ ਕਰੋਨਾ ਯੋਧਿਆਂ ਦਾ ਮਨੋਬਲ ਵਧਾਇਆ ਉਥੇ ਹੀ ਕੇਂਦਰ ਸਰਕਾਰ ਤੱਕ ਪੰਜਾਬ ਨੂੰ ਵਿਸੇਸ਼ ਆਰਥਿਕ ਪੈਕੇਜ ਦਿੱਤੇ ਜਾਣ ਦੀ ਮੰਗ ਵੀ ਪਹੁੰਚਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬੀ ਹਰ ਮੁਸਕਿਲ ਦਾ ਟਾਕਰਾ ਚੜਦੀਕਲਾ ਅਤੇ ਬੁਲੰਦ ਹੌਂਸਲੇ ਨਾਲ ਕਰਦੇ ਹਨ ਅਤੇ ਕਰੋਨਾ ਦੀ ਇਸ ਵਿਸਵਵਿਆਪੀ ਮਹਾਮਾਰੀ ਦੇ ਦੌਰ ਵਿਚ ਵੀ ਸਾਡੇ ਹੌਂਸਲੇ ਬੁੰਲਦ ਹਨ। ਇਸ ਲਈ ਅਸੀਂ ਅੱਜ ਜੈਕਾਰਾ ਜੈਘੋਸ਼ ਦਿਵਸ ਮਨਾ ਕੇ ਜਿੱਥੇ ਆਪਣੇ ਕਰੋਨਾ ਯੋਧਿਆ ਦਾ ਸਨਮਾਨ ਕੀਤਾ ਹੈ ਉਥੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਸਾਡੇ ਕਰੋਨਾ ਯੋਧਿਆਂ ਤੇ ਮਾਣ ਹੈ ਜੋ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨਾਂ ਨੇ ਕਿਹਾ ਕਿ ਸਾਡੇ ਡਾਕਟਰੀ ਅਮਲੇ, ਪੁਲਿਸ, ਸਫਾਈ ਕਰਮੀਆਂ, ਮੀਡੀਆ, ਸਮਾਜ ਸੇਵੀਆਂ ਤੇ ਪੂਰੇ ਸਮਾਜ ਨੂੰ ਮਾਣ ਹੈ ਜੋ ਇਸ ਮੁਸਕਿਲ ਦੌਰ ਵਿਚ ਕੰਮ ਕਰ ਰਹੇ ਹਨ ਤਾਂ ਜੋ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਸ: ਬਾਦਲ ਨੇ ਕਿਹਾ ਕਿ ਨਾਲ ਦੀ ਨਾਲ ਅੱਜ ਦੇ ਜੈਕਾਰਾ ਜੈਘੋਸ਼ ਦਿਵਸ ਨਾਲ ਅਸੀਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਰਾਜਾਂ ਦੇ ਵਿੱਤੀ ਸੋਮੇ ਸੀਮਤ ਹੁੰਦੇ ਹਨ ਅਤੇ ਵਰਤਮਾਨ ਹਲਾਤਾਂ ਵਿਚ ਸੂਬਿਆਂ ਦੀ ਆਮਦਨ ਬਿਲਕੁਲ ਬੰਦ ਹੋ ਚੁੱਕੀ ਹੈ, ਅਜਿਹੇ ਵਿਚ ਕੇਂਦਰ ਸਰਕਾਰ ਨੂੰ ਸੂਬਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਨੇ ਹਰ ਮੁਸੀਬਤ ਵਿਚ ਦੇਸ਼ ਵਿਚ ਦੀ ਅਗਵਾਈ ਕੀਤੀ ਹੈ ਅਤੇ ਹੁਣ ਵੀ ਇਸ ਕਰੋਨਾ ਕਾਰਨ ਆਉਣ ਵਾਲੀ ਆਰਥਿਕ ਮੰਦੀ ਤੋਂ ਬਾਹਰ ਨਿਕਲਣ ਦਾ ਰਾਸਤਾ ਪੰਜਾਬ ਵਿਚੋਂ ਹੋ ਕੇ ਹੀ ਜਾਂਦਾ ਹੈ ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਸਰਕਾਰ ਦੇ ਜੀਐਸਟੀ ਦੇ ਬਕਾਏ ਜਾਰੀ ਕਰਨ ਦੇ ਨਾਲ ਨਾਲ ਸੂਬੇ ਨੂੰ ਘੱਟੋ ਘੱਟ 20 ਹਜਾਰ ਕਰੋੜ ਰੁਪਏ ਦਾ ਆਰਥਿਕ ਪੈਕੇਜ ਦੇਵੇ।
ਇਸ ਦੌਰਾਨ ਸਥਾਨਕ ਕਾਂਗਰਸ ਦਫ਼ਤਰ ਵਿਖੇ ਕੇਕੇ ਅਗਰਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਸੀਨਿਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦੀ ਅਗਵਾਈ ਵਿਚ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਕਰੋਨਾ ਯੋਧਿਆਂ ਦਾ ਸਨਮਾਨ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਤੱਕ ਪੰਜਾਬ ਦੀ ਮੰਗ ਉਠਾਈ। ਇਸ ਤੋਂ ਬਿਨਾਂ ਅਰੁਣ ਵਧਾਵਨ, ਜਗਰੂਪ ਸਿੰਘ ਗਿੱਲ, ਅਸ਼ੋਕ ਪ੍ਰਧਾਨ, ਮੋਹਨ ਲਾਲ ਝੂੰਬਾ, ਟਹਿਲ ਸੰਧੂ, ਪਵਨ ਮਾਨੀ, ਰਾਜਨ ਗਰਗ, ਰਾਜ ਨੰਬਰਦਾਰ, ਅਨਿਲ ਭੋਲਾ, ਮਾਸਟਰ ਹਰਮੰਦਰ ਸਿੰਘ, ਹਰਵਿੰਦਰ ਲੱਡੂ, ਪ੍ਕਾਸ਼ ਚੰਦ, ਬੇਅੰਤ ਸਿੰਘ, ਸੁਖਦੇਵ ਸੁੱਖਾ, ਜਸਵੀਰ ਕੌਰ, ਸੰਤੌਸ਼ ਮਹੰਤ, ਅਸਵਨੀ ਬੰਟੀ, ਸੰਜੇ ਬਿਸਵਲ, ਜਸਵੀਰ ਜੱਸਾ, ਹਰਪਾਲ ਬਾਜਵਾ, ਦਰਸਨ ਬਿੱਲੂ, ਜੁਗਰਾਜ ਸਿੰਘ, ਰਾਜਾ ਸਿੰਘ, ਰਜਿੰਦਰ ਸਿੱਧੂ, ਬਲਜੀਤ ਰਾਜੂ ਸਰਾਂ, ਪਰਦੀਪ ਗੋਲਾ, ਸਾਮ ਲਾਲ ਜੈਨ ਆਦਿ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਲੋਕਾਂ ਨੇ ਜੈਕਾਰਾ ਜੈ ਘੋਸ਼ ਦਿਵਸ ਮਨਾਇਆ।