- ਕਣਕ ਦੀ ਤੁਲਾਈ ਤੇ ਕੰਡਿਆਂ-ਵੱਟਿਆਂ ਦੀ ਕੀਤੀ ਜਾਂਚ, ਕਿਸਾਨਾਂ ਦੀਆਂ ਮੁਸ਼ਕਲਾਂ ਦਾ ਛੇਤੀ ਹੋਵੇਗਾ ਹੱਲ
ਖਰੜ, 17 ਅਪਰੈਲ 2020 - ਅੱਜ ਪੰਜਾਬ ਮੰਡੀ ਕਰਨ ਬੋਰਡ ਪੰਜਾਬ ਦੇ ਡਾਇਰੈਕਟਰ ਰਾਜਿੰਦਰ ਸਿੰਘ ਬੜਹੇੜੀ ਨੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਮੱਛਲ਼ੀ ਅਤੇ ਸਕੱਤਰ ਅਰਚਨਾ ਬਾਂਸਲ ਸਮੇਤ ਖਰੜ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਬਡਹੇੜੀ ਨੇ ਵਿਸ਼ੇਸ਼ ਤੌਰ ‘ਤੇ ਕਣਕ ਦੀ ਤੁਲਾਈ ਅਤੇ ਕੰਡਿਆਂ-ਵੱਟਿਆਂ ਦੇ ਵਜ਼ਨ ਨੂੰ ਚੈੱਕ ਕੀਤਾ।
ਬਡਹੇੜੀ ਨੇ ਮੰਡੀ ਵਿੱਚ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ। ਮੰਡੀ ਵਿੱਚ ਅਪਣੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਅਤੇ ਆੜਢਤੀਆਂ ਨੇ ਕਣਕ ਦੀ ਖ਼ਰੀਦ ਲਈ ਜਾਰੀ ਹੋ ਰਹੇ ਕੂਪਨਾਂ ਦੀ ਘਾਟ ਤੋਂ ਵਾਕਫ਼ ਕਰਾਇਆ ਜਿਸ ਨੂੰ ਦੂਰ ਕਰਨ ਲਈ ਬਡਹੇੜੀ ਨੇ ਮੌਕੇ ‘ਤੇ ਹੀ ਟੈਲੀਫ਼ੋਨ ਰਾਹੀਂ ਬੋਰਡ ਦੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਸੀ ਹਰਸੁਹਿੰਦਰ ਸਿੰਘ ਬਰਾੜ ਪੀ.ਸੀ.ਅੈਸ ਨਾਲ ਗੱਲ ਕੀਤੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰ ਕੇ ਲੋੜੀਂਦੇ ਕੂਪਨ ਛੇਤੀ ਮੰਗਵਾਉਣ ਦੀ ਹਦਾਇਤ ਦਿਤੀ। ਕਿਸਾਨਾਂ ਨੇ ਮੌਸਮ ਸਬੰਧੀ ਚਿੰਤਾਵਾਂ ਤੋਂ ਵੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਾਇਆ ਅਤੇ ਕਣਕ ਦੀ ਖ਼ਰੀਦ ਵਿਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਬਡਹੇੜੀ ਨੇ ਦੱਸਿਆ ਕਿ ਮਾਰਕੀਟ ਕਮੇਟੀ ਖਰੜ ਅਧੀਨ ਆਉਂਦੀਆਂ ਮੰਡੀਆਂ ਵਿੱਚ ਅੱਜ ਤੱਕ 11,120 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਉਹ ਦਿਨ ਰਾਤ ਡਿਊਟੀ ‘ਤੇ ਹਾਜ਼ਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ਵਿੱਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਅਤੇ ਫ਼ਸਲ ਨੂੰ ਤੇਜ਼ੀ ਨਾਲ ਬੋਰੀਆਂ ਵਿੱਚ ਭਰਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਉਨ੍ਹਾਂ ਕਿਸਾਨਾਂ ਨੂੰ ਮੰਡੀ ਵਿੱਚ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਕੱਪੜੇ ਨਾਲ ਮੂੰਹ ਢੱਕ ਕੇ ਰੱਖਣ ਅਤੇ ਸਾਫ਼-ਸਫ਼ਾਈ ਰੱਖਣ ਦੀ ਵੀ ਅਪੀਲ ਕੀਤੀ। ਬਡਹੇੜੀ ਨੇ ਕਿਹਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚੇਅਰਮੈਨ ਪੰਜਾਬ ਮੰਡੀ ਬੋਰਡ ਨਿੱਜੀ ਤੌਰ ‘ਤੇ ਖਰੀਦ ਪ੍ਰਬੰਧਾਂ ਦਾ ਜ਼ਾਇਜ਼ਾ ਲੈ ਰਹੇ ਹਨ ਕਿਸਾਨਾਂ ਦਾ ਅਨਾਜ ਰੁਲ਼ਣ ਨਹੀਂ ਦਿੱਤਾ ਜਾਵੇਗਾ ਇਸ ਮੌਕੇ ਸੰਜੀਵ ਕੁਮਾਰ ਰੂਬੀ, ਮੰਡੀ ਸੁਪਰਵਾਇਜ਼ਰ ਬਲਵਿੰਦਰ ਸਿੰਘ, ਹਰਬੰਸ ਲਾਲ ਸਰਪੰਚ ਮਲਕਪੁਰ ਵੀ ਮੌਜੂਦ ਸਨ।ਕੁਰਾਲੀ ਮੰਡੀ ਦਾ ਦੌਰਾ ਵੀ ਕੀਤਾ ਜਿੱਥੇ ਸ੍ਰੀ ਬਡਹੇੜੀ ਨਾਲ ਕੁਰਾਲੀ ਮਾਰਕੀਟ ਕਮੇਟੀ ਦੇ ਚੇਅਰਮੈਨ ਕਿਰਪਾਲ ਸਿੰਘ ਖ਼ਿਜ਼ਰਾਬਾਦ, ਤਹਿਸੀਲਦਾਰ ਦਿਵਿਆ ਸਿੰਗਲਾ,ਰਣਜੀਤ ਸਿੰਘ ਖਦਰੀ ਮੈਂਬਰ ਮਾਰਕੀਟ ਕਮੇਟੀ ਅਤੇ ਮੰਡੀ ਸੁਪਰਵਾਈਜ਼ਰ ਮਨਦੀਪ ਸਿੰਘ ਵੀ ਹਾਜ਼ਰ ਸਨ।