ਹਰਿੰਦਰ ਨਿੱਕਾ
- ਅੱਜ ਸਰਕਾਰੀ ਤੌਰ 'ਤੇ ਅਨਾਜ ਮੰਡੀਆਂ ਵਿੱਚ ਆਰੰਭ ਹੋਵੇਗੀ ਕਣਕ ਖਰੀਦ ਦੀ ਪ੍ਰਕਿਰਿਆ
- ਡੀਸੀ ਨੇ ਕੀਤੀ ਅਨਾਜ ਮੰਡੀਆਂ 'ਚ ਖਰੀਦ ਪ੍ਰਬੰਧਾਂ ਦੀ ਸਮੀਖਿਆ
- ਸਮਾਜਿਕ ਦੂਰੀ, ਭੀੜ ਤੋਂ ਬਚਾਅ, ਮਾਸਕ, ਸੈਨੇਟਾਈਜ਼ਰ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਦੇ ਆਦੇਸ਼
ਸੰਗਰੂਰ, 14 ਅਪ੍ਰੈਲ 2020 - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ 15 ਅਪ੍ਰੈਲ ਤੋਂ ਆਰੰਭ ਹੋਣ ਵਾਲੀ ਸਰਕਾਰੀ ਖਰੀਦ ਸਬੰਧੀ ਪ੍ਰਸ਼ਾਸਨਿਕ ਪੱਧਰ 'ਤੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਜਿੰਦਰ ਸਿੰਘ ਬੱਤਰਾ, ਜ਼ਿਲ੍ਹਾ ਫੂਡ ਤੇ ਸਪਲਾਈ ਕੰਟਰੋਲਰ ਤਰਵਿੰਦਰ ਸਿੰਘ ਚੋਪੜਾ, ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਸਿੰਘ ਤੇ ਸਮੂਹ ਸਰਕਾਰੀ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਮੈਨੇਜਰ ਸ਼ਾਮਲ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੀ ਔਖੀ ਘੜੀ ਵਿੱਚ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੁਆਰਾ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬਣਾਏ ਗਏ ਖਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ, ਭੀੜ ਤੋਂ ਬਚਾਅ, ਸੌਖੀ ਖਰੀਦ ਪ੍ਰਕਿਰਿਆ ਆਦਿ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਸਾਰੀਆਂ ਸੁਰੱਖਿਆ ਵਿਧੀਆਂ, ਸਫ਼ਾਈ ਦੇ ਇੰਤਜ਼ਾਮਾਂ, ਮਾਸਕ ਪਾਉਣ, ਸੈਨੇਟਾਈਜ਼ਰ ਦੀ ਵਰਤੋਂ ਕਰਨ ਦੇ ਨਾਲ ਨਾਲ ਜ਼ਿਲਾ ਮੰਡੀ ਅਫ਼ਸਰ ਰਾਹੀਂ ਮੰਡੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਆਦਿ ਦੇ ਪ੍ਰਬੰਧ ਵੀ ਰੱਖੇ ਜਾਣ।
ਇਸ ਮੌਕੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਸੀਜ਼ਨ ਦੌਰਾਨ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 12 ਲੱਖ ਮੀਟਰਕ ਟਨ ਫ਼ਸਲ ਦੀ ਆਮਦ ਦੀ ਸੰਭਾਵਨਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋੜ ਮੁਤਾਬਕ ਬਾਰਦਾਨੇ, ਲੇਬਰ, ਟਰਾਂਸਪੋਰਟ ਆਦਿ ਦਾ ਉਚਿਤ ਪ੍ਰਬੰਧ ਰੱਖਿਆ ਜਾਵੇ ਤਾਂ ਜੋ ਚੱਲਦੇ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾ ਆ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆੜ੍ਹਤੀਆਂ ਦੁਆਰਾ ਕਿਸਾਨਾਂ ਨੂੰ ਹੋਲੋਗ੍ਰਾਮ ਕੂਪਨ ਜਾਰੀ ਕਰਨ ਅਤੇ ਮੰਡੀਆਂ ਵਿੱਚ ਉਸੇ ਆਧਾਰ 'ਤੇ ਕਣਕ ਲਿਆਉਣ ਦੀ ਪ੍ਰਵਾਨਗੀ ਦੇਣ ਸਬੰਧੀ ਹਦਾਇਤਾਂ ਨੂੰ ਅਮਲ ਵਿੱਚ ਲਿਆਂਦਾ ਜਾਵੇ।