ਅਸ਼ੋਕ ਵਰਮਾ
ਬਠਿੰਡਾ, 12 ਅਪਰੈਲ 2020 - ਕੋਰੋਨਾ ਬਿਮਾਰੀ ਦੀ ਜੰਗ ਨਾਲ ਜਿੱਥੇ ਡਾਕਟਰਜ਼, ਨਰਸਿਜ਼, ਹੈੱਲਥ ਵਰਕਰ, ਪ੍ਰਸ਼ਾਸਨਿਕ ਅਧਿਕਾਰੀ, ਸਫਾਈ ਸੇਵਕ, ਪੁਲਿਸ ਮੁਲਾਜਮ ਅਤੇ ਵਲੰਟੀਅਰਜ਼ ਫਰੰਟ ਲਾਈਨ ਯੋਧਿਆਂ ਦੇ ਤੌਰ ਤੇ ਕੰਮ ਕਰ ਰਹੇ ਹਨ ਅਤੇ ਪਬਲਿਕ ਵੱਲੋਂ ਉਹਨਾਂ ਦੀ ਸੇਵਾਵਾਂ ਨੂੰ ਸਲਾਮ ਵੀ ਕੀਤਾ ਜਾ ਰਿਹਾ ਹੈ, ਉੱਥੇ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਕਮੀਂ ਨੂੰ ਦੇਖਦਿਆਂ ਸਵੈਇੱਛੁਕ ਖ਼ੂਨਦਾਨੀ ਵੀ ਲੋੜਵੰਦਾਂ ਲਈ ਜਰੂਰਤ ਮੁਤਾਬਕ ਖ਼ੂਨਦਾਨ ਕਰ ਰਹੇ ਹਨ।
ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਰੈੱਡ ਕਰਾਸ ਸੁਸਾਇਟੀ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਜਿੱਥੇ ਅੱਜ ਖ਼ੂਨਦਾਨ ਕੀਤਾ, ਉੱਥੇ ਇਹਨਾਂ ਖ਼ੂਨਦਾਨੀਆਂ ਅਤੇ ਬਲੱਡ ਕਰਮੀਆਂ ਦਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ। ਬਲੱਡ ਬੈਂਕ ਦੀ ਕਾਲ ਤੇ ਪਿਛਲੇ ਇੱਕ ਹਫ਼ਤੇ ਦੌਰਾਨ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਲੋੜ ਮੁਤਾਬਕ 30 ਯੂਨਿਟਾਂ ਖ਼ੂਨ ਦਾਨ ਕਰਵਾਇਆ ਹੈ। ਅੱਜ ਫਿਰ 10 ਖ਼ੂਨਦਾਨੀਆਂ ਨੇ ਇੱਕ ਇੱਕ ਕਰਕੇ ਬਲੱਡ ਬੈਂਕ ਵਿੱਚ ਖ਼ੂਨਦਾਨ ਕੀਤਾ।
ਪੁਲਿਸ ਵਿਭਾਗ ਦੇ ਬੰਬ ਵਿਰੋਧੀ ਦਸਤੇ ਦੇ ਏਐੱਸਆਈ ਰਵੀ ਸ਼ਰਮਾ ਨੇ ਆਪਣੀ ਵਿਭਾਗੀ ਡਿਊਟੀ ਨਿਭਾਉਣ ਦੇ ਨਾਲ-ਨਾਲ ਮਰੀਜਾਂ ਲਈ ਖ਼ੂਨਦਾਨ ਵੀ ਕੀਤਾ। ਉਹਨਾਂ ਕਿਹਾ ਕਿ ਇਹ ਵੀ ਸਾਡਾ ਇੱਕ ਇਨਸਾਨੀ ਫਰਜ਼ ਹੈ। ਇਹਨਾਂ ਤੋਂ ਇਲਾਵਾ ਸੰਸਥਾ ਦੇ ਸਰਗਰਮ ਮੈਂਬਰਾਂ ਵਿੱਚੋਂ ਵਿਜੇ ਗਰਗ ਕਾਲਾ, ਅਵੇ, ਅਮਿਤ ਸ਼ਰਮਾ, ਮਾਸਟਰ ਬਲਜਿੰਦਰ ਸਿੰਘ, ਅਤੇ ਜਸਵਿੰਦਰ ਸਿੰਘ ਨੇ ਵੀ ਆਪਣਾ ਖ਼ੂਨਦਾਨ ਕੀਤਾ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਅਤੇ ਸੰਸਥਾ ਬਾਨੀ ਵਿਜੇ ਭੱਟ ਨੇ ਬਲੱਡ ਬੈਂਕ ਵਿਖੇ ਇਹਨਾਂ ਖ਼ੂਨਦਾਨੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਵੀ ਕੀਤਾ ਅਤੇ ਇਹਨਾਂ ਦੀ ਨਿਸ਼ਕਾਮ ਸੇਵਾਵਾਂ ਨੂੰ ਪ੍ਰਣਾਮ ਕੀਤਾ। ਰੈਡ ਕਰਾਸ ਵੱਲੋਂ ਇਹਨਾਂ ਖ਼ੂਨਦਾਨੀਆਂ ਨੂੰ ਸੇਫਟੀ ਵਜੋਂ ਹੈਂਡ ਸੈਨੀਟਾਈਜ਼ਰ ਅਤੇ ਗਲਵਜ਼ ਵੀ ਭੇਂਟ ਕੀਤੇ ਗਏ। ਕੋਰੋਨਾ ਤੋਂ ਬਚਣ ਸੰਬੰਧੀ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਨੇ ਸੇਫਟੀ ਟਿਪਸ ਵੀ ਦਿੱਤੇ। ਸੰਸਥਾ ਮੈਂਬਰ ਵਿਜੇ ਗਰਗ ਕਾਲਾ ਅਤੇ ਮਾਸਟਰ ਬਲਜਿੰਦਰ ਸਿੰਘ ਨੇ ਬਲੱਡ ਬੈਂਕ ਕਰਮੀਆਂ ਵੱਲੋਂ ਦਿਨ ਰਾਤ ਦਿੱਤੀ ਜਾ ਰਹੀ ਡਿਊਟੀ ਲਈ ਉਹਨਾਂ ਦਾ ਵੀ ਸਨਮਾਨ ਕੀਤਾ।