ਰਜਨੀਸ਼ ਸਰੀਨ
ਨਵਾਂਸ਼ਹਿਰ, 28 ਮਾਰਚ 2020 - ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ’ਚ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਕੁੱਝ ਹੋਰ ਛੋਟਾਂ ਦਿੰਦਿਆਂ ਆਟਾ ਚੱਕੀਆਂ ਅਤੇ ਕੋਰੀਅਰ ਸੇਵਾ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣ ਦੀ ਮਨਜੂਰੀ ਦਿੱਤੀ ਹੈ।
ਉਨ੍ਹਾਂ ਨੇ ਇਸ ਦੇ ਨਾਲ ਹੀ ਆਟਾ ਚੱਕੀਆਂ ’ਤੇ 2 ਮੀਟਰ ਦੇ ਫ਼ਾਸਲੇ ਨੂੰ ਬਰਕਰਾਰ ਰੱਖਣ, ਮਾਸਕ ਪਹਿਨਣ ਅਤੇ ਸੈਨੇਟਾਈਜ਼ਰ ਰੱਖਣਾ ਜ਼ਰੂਰੀ ਕਰਾਰ ਦਿੱਤਾ ਹੈ। ਇਹੀ ਸ਼ਰਤਾਂ ਕੋਰੀਅਰ ਸੇਵਾਵਾਂ ’ਤੇ ਵੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲ ਦੀ ਪਾਲਣਾ ਨਾ ਕੀਤੇ ਜਾਣ ’ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਿਨੈ ਬਬਲਾਨੀ ਵੱਲੋਂ ਅੱਜ ਜ਼ਿਲ੍ਹੇ ’ਚ ਸਰਕਾਰੀ ਸੇਵਾਵਾਂ ਅਤੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ’ਚ ਲੱਗੇ ਵਾਹਨਾਂ ਨੂੰ ਕਰਫ਼ਿਊ ਪਾਸ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਨ੍ਹਾਂ ਵਾਹਨਾਂ ’ਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਾਰੇ ਵਿਭਾਗਾਂ ਦੀਆਂ ਆਨ ਡਿਊਟੀ ਗੱਡੀਆਂ, ਦੁੱਧ ਵਾਲੀਆਂ ਗੱਡੀਆਂ/ਸਾਈਕਲ/ਮੋਟਰ ਸਾਈਕਲ/ਰੇਹੜਾ, ਅਨਾਜ/ਕਣਕ/ਚੌਲ/ਦਾਲਾਂ/ਖਾਣ-ਪੀਣ ਦੇ ਸਮਾਨ ਦੀਆਂ ਗੱਡੀਆਂ/ਟ੍ਰੇਨਾਂ, ਸਬਜ਼ੀਆਂ/ਫ਼ਲ ਦੀਆਂ ਗੱਡੀਆਂ/ਰੇਹੜੀਆਂ/ਰਿਕਸ਼ਾ/ਥ੍ਰੀ ਵ੍ਹੀਲਰ, ਬ੍ਰੈਡੱ/ ਬੇਕਰੀ/ਰਸ/ਬਿਸਕੁੱਟ ਸਪਲਾਈ ਦੀਆਂ ਗੱਡੀਆਂ, ਐਲ ਪੀ ਜੀ ਗੈਸ ਦੀ ਸਪਲਾਈ ਦੀ ਗੱਡੀ, ਪੈਟਰੋਲ/ਡੀਜ਼ਲ ਦੀ ਸਪਲਾਈ ਦੀ ਗੱਡੀ, ਪਸ਼ੂਆਂ ਦੇ ਚਾਰੇ/ਕੈਟਲ ਫ਼ੀਡ ਵਾਲੀਆਂ ਗੱਡੀਆਂ, ਪੋਲਟਰੀ ਮੁਰਗੀਆਂ/ ਮੁਰਗੀਆਂ ਦੀ ਫ਼ੀਡ/ਆਂਡੇ ਦੀਆਂ ਢੋਆ-ਢੁਆਈ ਦੀਆਂ ਗੱਡੀਆਂ ਸ਼ਾਮਿਲ ਹਨ।
ਇਨ੍ਹਾਂ ’ਚ ਸਰਕਾਰੀ ਡਿਊਟੀ ਵਾਲੀ ਗੱਡੀਆਂ ਨੂੰ ਛੱਡ ਕੇ ਬਾਕੀਆਂ ’ਚ ਤਿੰਨ ਤੋਂ ਜ਼ਿਆਦਾ ਵਿਅਕਤੀਆਂ ਦੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਹਰੇਕ ਗੱਡੀ ’ਚ ਸੈਨੇਟਾਈਜ਼ਰ ਅਤੇ ਬੈਠਣ ਵਾਲੇ ਵਿਅਕਤੀ ਦੇ ਮਾਸਕ ਜ਼ਰੂਰੀ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਹਾਰਵ ਰੁੱਤ ਦੀ ਮੱਕੀ, ਸੱਠੀ ਮੂੰਗੀ ਅਤੇ ਮਾਂਹ ਦੀ ਬਿਜਾਈ ਲਈ ਬੀਜ, ਖਾਦਾਂ ਅਤੇ ਹਾੜ੍ਹੀ ਦੀ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਅਤੁ ਤੇਲੇ ਦੇ ਹਮਲੇ ਨੂੰ ਰੋਕਣ ਲਈ ਜਿਮੀਂਦਾਰਾਂ ਨੂੰ ਕੀਟਨਾਸ਼ਕਾਂ ਦੀ ਲੋੜ ਦੇ ਮੱਦੇਨਜ਼ਰ ਹੋਮ ਡਿਲਿਵਰੀ ਦੀ ਆਗਿਆ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਵਸਤਾਂ ਦੀ ਥੋਕ ਸਪਲਾਈ ਮੌਕੇ ਲੋਡਿੰਗ/ਅਨ-ਲੋਡਿੰਗ ਮੌਕੇ 10 ਤੋਂ ਜ਼ਿਆਦਾ ਮਜ਼ਦੂਰ ਇਕੱਠੇ ਨਾ ਹੋਣ ਅਤੇ ਉਨ੍ਹਾਂ ’ਚ ਘੱਟੋਘੱਟ ਇੱਕ ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾਵੇ। ਇਸ ਤੋਂ ਇਲਾਵਾ ਕੋਵਿਡ-19 ਪ੍ਰੋਟੋਕਾਲ ਤਹਿਤ ਮਾਸਕ ਲਾਜ਼ਮੀ ਕੀਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਨੇ ਕੋਵਿਡ-19 ਕਰਫ਼ਿਊ ਦੌਰਾਨ ਲੋਕਾਂ ਨੂੰ ਵਿੱਤੀ ਸੰਸਥਾਂਵਾਂ ਨਾਲ ਲੈਣ ਦੇਣ ’ਚ ਆ ਰਹੀ ਮੁਸ਼ਕਿਲ ਨੂੰ ਦੇਖਦਿਆਂ ਜ਼ਿਲ੍ਹੇ ਦੇ ਬੈਂਕਾਂ ’ਚ ਪਬਲਿਕ ਡੀਲਿੰਗ ਸਵੇਰੇ 8 ਤੋਂ ਦਿਨ ਦੇ 11 ਵਜੇ ਤੱਕ ਕਰਨ ਦੀ ਮਨਜੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਬੈਂਕਾਂ ਦਾ ਸਟਾਫ਼ ਸਵੇਰੇ 8 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਕੰਮ ਕਰ ਸਕੇਗਾ। ਇਹ ਹੁਕਮ 30 ਮਾਰਚ ਤੋਂ ਲਾਗੂ ਹੋਣਗੇ।