ਹੁਸ਼ਿਆਰਪੁਰ: ਮੰਡੀ ‘’ਚ ਫ਼ਸਲਾਂ ਦੇ ਨਾਲ ਲੱਗੀ ਵੋਟਰ ਜਾਗਰੂਕਤਾ ਦੀ ਬੋਲੀ
- ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਅਪਣਾਇਆ ਗਿਆ ਨਿਵੇਕਲਾ ਤਰੀਕਾ
- ਬੋਲੀ ਲਗਾ ਕੇ ਵੋਟਰਾਂ ਨੂੰ ਵੋਟ ਪਾਉਣ ਬਾਰੇ ਕੀਤਾ ਜਾਗਰੂਕ
ਹੁਸ਼ਿਆਰਪੁਰ, 3 ਮਈ 2024 - ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੇ ਵੋਟਰਾਂ ਨੂੰ ਹਰ ਰੋਜ਼ ਵੱਖ-ਵੱਖ ਤਰੀਕਿਆਂ ਨਾਲ ਵੋਟ ਪਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਵਿਚ 70 ਫ਼ੀਸਦੀ ਵੋਟਿੰਗ ਦਾ ਟੀਚਾ ਹਾਸਲ ਕੀਤਾ ਜਾ ਸਕੇ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਅਤੇ ਸਹਾਇਕ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ ਦੀ ਅਗਵਾਈ ਹੇਠ ਸਵੀਪ ਟੀਮ ਨੇ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਵਿਚ ਫ਼ਸਲਾਂ ਦੀ ਬੋਲੀ ਦੇ ਨਾਲ-ਨਾਲ ਵੋਟਰ ਜਾਗਰੂਕਤਾ ਦੀ ਬੋਲੀ ਲਗਾਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਲਈ ਅਪਣਾਏ ਗਏ ਇਸ ਨਿਵੇਕਲੇ ਢੰਗ ਦੀ ਸਾਰਿਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ਅਤੇ 1 ਜੂਨ ਨੂੰ ਵੋਟ ਪਾਉਣ ਦੀ ਸਹੁੰ ਚੁੱਕੀ ਗਈ।
ਸ਼ੁੱਕਰਵਾਰ ਸਵੇਰੇ 6 ਵਜੇ ਜਦੋਂ ਮੰਡੀ ’ਚ ਆ ਰਹੀਆਂ ਸਬਜ਼ੀਆਂ ਅਤੇ ਫਲਾਂ ਦੀ ਬੋਲੀ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਪੰਜਾਬ ਦੇ ਰਵਾਇਤੀ ਪਹਿਰਾਵੇ ’ਚ ਡਫਲੀ ਅਤੇ ਚਿਮਟੇ ਲੈ ਕੇ ਪਹੁੰਚੀ ਸਵੀਪ ਟੀਮ ਨੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਦੀ ਅਜਿਹੀ ਬੋਲੀ ਲਗਾਈ ਕਿ ਹਰ ਕੋਈ ਉਨ੍ਹਾਂ ਨੂੰ ਦੇਖਣ ਦੇ ਨਾਲ ਉਨ੍ਹਾਂ ਦੇ ਵੀਡੀਓ ਬਣਾਉਣ ਲੱਗ ਪਿਆ। ਪਹਿਲਾਂ ਤਾਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਹੈ, ਪਰ ਹੌਲੀ-ਹੌਲੀ ਉਨ੍ਹਾਂ ਨੂੰ ਗੱਲ ਸਮਝ ਆ ਗਈ ਅਤੇ ਸਾਰਿਆਂ ਨੇ ਉਤਸ਼ਾਹ ਨਾਲ ਵੋਟਰ ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲਿਆ।
ਰਹੀਮਪੁਰ ਮੰਡੀ ਪਹੁੰਚੀ ਸਵੀਪ ਟੀਮ ਨੇ ਵੋਟਰ ਜਾਗਰੂਕਤਾ ਦੀ ਬੋਲੀ ਲਗਾਉਂਦੇ ਹੋਏ ਲੋਕਾਂ ਨੂੰ ਪੁੱਛਿਆ ਕਿ ਉਹ 1 ਜੂਨ ਨੂੰ ਵੋਟ ਪਾਉਣ ਲਈ ਆਪਣੇ ਘਰਾਂ ਤੋਂ ਕਿਸ ਸਮੇਂ ਨਿਕਲਣਗੇ। ਕਿਸੇ ਨੇ ਦੁਪਹਿਰ 1 ਵਜੇ, ਕਿਸੇ ਨੇ 12 ਵਜੇ, ਕਿਸੇ ਨੇ ਸਵੇਰੇ 10 ਵਜੇ ਅਤੇ ਕੁਝ ਨੇ ਸਵੇਰੇ 8 ਵਜੇ ਦਾ ਸਮਾਂ ਕਹਿੰਦੇ ਹੋਏ ਵੋਟ ਕਰਨ ਲਈ ਵੋਟਰ ਜਾਗਰੂਕਤਾ ਦੀ ਬੋਲੀ ਲਗਾਈ। ਇਸ ਦੌਰਾਨ ਬੋਲੀਕਾਰਾਂ ਨੂੰ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟਰ ਜਾਗਰੂਕਤਾ ਟੋਪੀ (ਕੈਪ) ਦੇ ਕੇ ਸਨਮਾਨਿਤ ਕੀਤਾ ਗਿਆ। ਮੰਡੀਆਂ ਵਿਚ ਰੋਜ਼ਾਨਾ ਵਪਾਰੀ ਬੋਲੀ ਲਗਾ ਕੇ ਕਿਸਾਨਾਂ ਤੋਂ ਸਾਰੀਆਂ ਫਸਲਾਂ, ਸਬਜ਼ੀਆਂ ਅਤੇ ਫਲ ਖਰੀਦਦੇ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਸਵੀਪ ਟੀਮ ਨੇ ਵੋਟਰ ਜਾਗਰੂਕਤਾ ਬੋਲੀ ਲਗਾ ਕੇ ਲੋਕਾਂ ਨੂੰ 1 ਜੂਨ 2024 ਨੂੰ ਸਵੇਰੇ ਜਲਦੀ ਤੋਂ ਜਲਦੀ ਵੋਟ ਪਾਉਣ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਕਿਸਾਨ, ਵਪਾਰੀ, ਮਜ਼ਦੂਰ ਸਾਰੇ ਹੀ ਲੋਕਤੰਤਰ ਦੀ ਮਜ਼ਬੂਤੀ ਲਈ ਚੋਣਾਂ ਦੇ ਇਸ ਤਿਉਹਾਰ ਵਿਚ ਆਪਣਾ ਯੋਗਦਾਨ ਪਾ ਸਕਣ। ਇਸ ਦੌਰਾਨ ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਗੁਲਿਆਨੀ, ਨੀਰਜ ਧੀਮਾਨ ਅਤੇ ਸਵੀਪ ਟੀਮ ਤੋਂ ਲੋਕੇਸ਼ ਸ਼ਰਮਾ ਨੇ ਵੋਟਰ ਜਾਗਰੂਕਤਾ ਮੁਹਿੰਮ ਵਿਚ ਸਹਿਯੋਗ ਦਿੱਤਾ।