ਨਾਟਿਅਮ ਬਠਿੰਡਾ ਦੇ ਨਾਟਕ ਮੇਲੇ ’ਚ ਦੇਖਣ ਨੂੰ ਮਿਲੀ ਕਸ਼ਮੀਰ ਦੀ ਲੋਕ-ਗਾਥਾ
ਅਸ਼ੋਕ ਵਰਮਾ
ਬਠਿੰਡਾ,13ਅਕਤੂਬਰ2021: ਨਾਟਿਅਮ ਬਠਿੰਡਾ ਵੱਲੋਂ ਕਰਵਾਏ ਜਾ ਰਹੇ 10ਵੇਂ ਕੌਮੀ ਨਾਟਕ ਮੇਲੇ ਦੇ 13ਵੇਂ ਦਿਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੌਗ ਨਾਲ ਜੰਮੂ ਕਸ਼ਮੀਰ ਤੋਂ ਆਈ ਨੈਸ਼ਨਲ ਭਾਂਡ ਥਿਏਟਰ ਨਾਟਕ ਮੰਡਲੀ ਨੇ ਡਾਇਰੈਕਟਰ ਸ਼ਾਹ-ਏ-ਜਹਾਂ ਦੀ ਨਿਰਦੇਸ਼ਨਾ ਹੇਠ ਸੂਬੇ ਦੀ ਇੱਕ ਲੋਕ ਗਾਥਾ ‘ਗੋਸੀਆ ਪੱਥਰ’ ਦਾ ਮੰਚਨ ਕੀਤਾ , ਜੋ ਉਸ ਸਮੇਂ ਦੀ ਕਹਾਣੀ ਹੈ ਜਦੋਂ ਕਸ਼ਮੀਰ ਹਿੰਦੂ ਬਹੁਤਾਂਤ ਵਾਲਾ ਸੂਬਾ ਸੀ ਅਤੇ ਦੂਰ ਦੂਰ ਤੋਂ ਸੰਨਿਆਸੀ ਉਥੇ ਪਹੁੰਚਦੇ ਸਨ। ਉਹਨਾਂ ਵਿੱਚੋਂ ਇੱਕ ਸੰਤ ‘ਤੇ ਕਸ਼ਮੀਰ ਦੀ ਸੁੰਦਰੀ ਗੌਪਾਲੀ ਮੋਹਿਤ ਹੋ ਜਾਂਦੀ ਹੈ ਪਰ ਸਨਿਆਸੀ ਖੁਦ ਨੂੰ ਯੋਗੀ ਦੱਸਦਾ ਹੋਇਆ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰਦਾ ਹੈ ਅਤੇ ਬਾਅਦ ਵਿੱਚ ਆਪਣਾ ਜੀਵਨ ਤਿਆਗ ਦਿੰਦਾ ਹੈ।
ਨਾਟਕ ਮੇਲੇ ਦੀ 13ਵੀਂ ਸ਼ਾਮ ਦੀਆਂ ਰੌਣਕਾਂ ਵਧਾਉਣ ਪਹੁੰਚੇ ਨਗਰ ਨਿਗਮ, ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਨਾਟਕ ਮੇਲੇ ਦੀ ਵਧਾਈ ਦਿੰਦਿਆ, ਸ਼ਹਿਰ ‘ਚ ਬਣਨ ਜਾ ਰਹੇ ਆਡੀਟੋਰੀਅਮ ਦਾ ਕੰਮ ਜਲਦੀ ਪੂਰਾ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਪਹੁੰਚੇ ਕੇਰਲ ਕੈਡਰ ਦੇ ਆਈਏਐਸ ਅਧਿਕਾਰੀ ਡਾ. ਬਲਪ੍ਰੀਤ ਸਿੰਘ ਨੇ ਕੀਰਤੀ ਕਿਰਪਾਲ ‘ਤੇ ਉਸਦੀ ਟੀਮ ਵੱਲੋਂ ਕਲਾ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਰੰਗ-ਮੰਚ ਨੂੰ ਜੀਵਨ ਦਾ ਦਰਪਣ ਦੱਸਿਆ। ਇਸ ਮੌਕੇ ਐਨਜ਼ੈਡਸੀਸੀ ਤੋਂ ਰਵਿੰਦਰ ਸ਼ਰਮਾ, ਡਿਪਟੀ ਡੀਈਓ (ਸੈਕੰਡਰੀ) ਭੁਪਿੰਦਰ ਕੌਰ, ਪਿ੍ਰੰਸੀਪਲ ਅਨੁਜਾ ਪੁਪਨੇਜਾ ਅਤੇ ਬੀਡੀਏ ਤੋਂ ਸੇਵਾ ਮੁਕਤ ਐਕਸੀਅਨ ਇੰਜਨੀਅਰ ਬਲਵਿੰਦਰ ਸਿੰਘ ਵੀ ਹਾਜ਼ਰ ਸਨ।