ਨਾਟਕ ‘ਮੇਰੇ ਲੋਕ’ ਰਾਹੀਂ ਸਿਸਟਮ ਤੇ ਸਟਰੈਸ ਦੀ ਚੱਕੀ ’ਚ ਪਿਸ ਰਹੇ ਲੋਕਾਂ ਦਾ ਦਰਦ ਬਿਆਨ
ਅਸ਼ੋਕ ਵਰਮਾ
ਬਠਿੰਡਾ,2ਅਕਤੂਬਰ2021: ਬਠਿੰਡਾ ਦੇ ਬਲਵੰਤ ਗਾਰਗੀ ਓਪਨ ਏਅਰ ਥੇਟਰ ਵਿੱਚ ਚੱਲ ਰਹੇ 10ਵੇਂ ਕੌਮੀ ਨਾਟਿਅਮ ਮੇਲੇ ਦੇ ਦੂਸਰੇ ਦਿਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵੀਜ਼ਨ ਵਿਭਾਗ ਦੀ ਟੀਮ ਨੇ ਡਾ. ਗੁਰਪ੍ਰੀਤ ਸਿੰਘ ਰਟੌਲ ਦਾ ਲਿਖੇ ਅਤੇ ਡਾ. ਜਸਪਾਲ ਕੌਰ ਦਿਉਲ ਨਿਰਦੇਸ਼ਿਤ ਨਾਟਕ ‘ਮੇਰੇ ਲੋਕ’ ਦੀ ਪੇਸ਼ਕਾਰੀ ਰਾਹੀਂ ਸਿਸਟਮ ਅਤੇ ਸਟਰੈਸ ਦੀ ਚੱਕੀ ਵਿੱਚ ਪਿਸ ਕੇ ਨਿਰਾਸ਼ ਅਤੇ ਨਾਖੁਸ਼ ਚੱਲ ਰਹੇ ਲੋਕਾਂ ਦਾ ਦਰਦ ਦੀ ਬਿਆਨ ਕੀਤਾ ਗਿਆ। ਨਾਟਕ ਦੌਰਾਨ ਇਨ੍ਹਾਂ ਸਮੱਸਿਆਵਾਂ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋਣ ਦੇ ਚੱਲਦਿਆਂ ਮਰੀਜ਼ ਡਾ. ਚੇਤੰਨ ਨਾਮੀਂ ਡਾਕਟਰ ਤੋਂ ਆਪਣਾ ਇਲਾਜ਼ ਕਰਵਾਉਣ ਆਉਂਦੇ ਹਨ, ਜੋ ਬਹੁਤ ਘੱਟ ਫੀਸ ਲੈਂਦਾ ਹੈ।
ਇਹ ਘੱਟ ਫੀਸ ਲੈਣਾ ਉਸ ਲਈ ਮਹਿੰਗਾ ਪੈਂਦਾ ਹੈ ਪਰ ਉਹ ਫਿਰ ਵੀ ਹੌਂਸਲਾ ਨਹੀ ਛੱਡਦਾ। ਨਾਟਕ ਦੀ ਪੇਸ਼ਕਾਰੀ ਤੋਂ ਬਾਅਦ ਡਾ. ਜਸਪਾਲ ਕੌਰ ਦਿਉਲ ਨੇ ਕਿਹਾ ਕਿ ਬਠਿੰਡਾ ਸ਼ਹਿਰ ਦੇ ਦਰਸ਼ਕਾਂ ਦੀਆਂ ਨਾਟਕ ਦੌਰਾਨ ਚੁੱਪ ਅਤੇ ਤਾੜੀਆਂ ਦੱਸ ਰਹੀਆਂ ਹਨ ਕਿ ਉਹ ਨਾਟਕ ਵੇਖਣਾ ਜਾਣਦੇ ਹਨ ਅਤੇ ਉਹਨਾਂ ਨੂੰ ਇੱਥੇ ਕੀਤੀ ਪੇਸ਼ਕਾਰੀ ਦੌਰਾਨ ਉਨ੍ਹਾਂ ਨੂੰ ਬਹੁਤ ਆਨੰਦ ਆਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ, ਨਾਮਵਰ ਮੰਚ ਸੰਚਾਲਕ ‘ਤੇ ਲੇਖਕ ਡਾ. ਨਿਰਮਲ ਜੌੜਾ, ਅਤੇ ਰੰਗ ਮੰਚੀ ਕਲਾਕਾਰ ਡਾ. ਹੀਰਾ ਰੰਧਾਵਾ ਨੇ ਨਾਟਿਅਮ ਵੱਲੋਂ ਕਰਵਾਏ ਜਾ ਰਹੇ ਇਸ ਰੰਗ ਮੰਚ ਮੇਲੇ ਦੀ ਸ਼ਲਾਘਾ ਕਰਦਿਆਂ ਨਿਰਦੇਸ਼ਕ ਕੀਰਤੀ ਕਿਰਪਾਲ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ।