ਦਸਵੀਂ ਜਮਾਤ ਵਿੱਚੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਸਰਕਾਰੀ ਸਕੂਲ ਦਾ ਵਿਦਿਆਰਥਣ ਸ਼ਿਵਾਨੀ ਬੱਗਾ ਪਹਿਲੇ ਸਥਾਨ ਤੇ,ਮੈਰਿਟ ਵਿੱਚ ਆਉਣ ਵਾਲੇ 14 ਵਿਦਿਆਰਥੀਆਂ ਵਿੱਚੋਂ ਸੱਤ ਵਿਦਿਆਰਥੀ ਸਰਕਾਰੀ ਸਕੂਲਾਂ ਦੇ
ਰੋਹਿਤ ਗੁਪਤਾ
ਗੁਰਦਾਸਪੁਰ 18 ਅਪ੍ਰੈਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦੱਸਵੀਂ ਕਲਾਸ ਦੇ ਪ੍ਰੀਖਿਆ ਨਤੀਜਿਆਂ ਵਿੱਚ ਜਿਲਾ ਗੁਰਦਾਸਪੁਰ ਨੇ ਸੂਬੇ ਭਰ ਵਿੱਚੋਂ ਚੌਥਾ ਸਥਾਨ ਹਾਸਿਲ ਕੀਤਾ ਹੈ। ਹਾਲਾਂਕਿ ਪਿਛਲੀ ਬਾਰ ਵੀ ਗੁਰਦਾਸਪੁਰ ਜਿਲਾ ਸੂਬੇ ਵਿੱਚ ਚੌਥੇ ਸਥਾਨ ਤੇ ਹੀ ਰਿਹਾ ਸੀ ਪਰ ਪਿਛਲੇ ਸਾਲ 98.62 ਫੀਸਦੀ ਵਿਦਿਆਰਥੀ ਦਸਵੀਂ ਜਮਾਤ ਵਿੱਚੋਂ ਪਾਸ ਹੋਏ ਸਨ ਜਦਕਿ ਇਸ ਸਾਲ ਜਿਲ੍ਹੇ ਦੇ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 98.97% ਰਿਹਾ ਹੈ। ਜਿਲੇ ਦੇ 17847 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ ਜਿਨਾਂ ਵਿੱਚੋਂ 17664 ਵਿਦਿਆਰਥੀ ਪਾਸ ਹੋਏ ਹਨ।ਪਹਿਲੇ ਸਥਾਨ ਤੇ ਰਹੇ ਅੰਮ੍ਰਿਤਸਰ ਜਿਲੇ ਤੇ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 99.24% ਰਿਹਾ ਜਦਕਿ ਦੂਜੇ ਸਥਾਨ ਤੇ ਰਹੇ ਪਠਾਨਕੋਟ ਜਿਲੇ ਦੇ 99.22 % ਪਾਸ ਹੋਏ ਹਨ।
ਗੁਰਦਾਸਪੁਰ ਜਿਲੇ ਦੇ 14 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਹੈ ਜਿਨਾਂ ਵਿੱਚੋਂ 7 ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਪੜ੍ਨ ਵਾਲੇ ਹਨ ਜਦਕਿ 7 ਨਿਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਹੈ। ਸਰਕਾਰੀ ਸਕੂਲਾਂ ਵਿੱਚ ਪੜ੍ਨ ਵਾਲੇ ਵਿਦਿਆਰਥੀ ਵਿੱਚੋਂ ਮੈਰਿਟ ਹਾਸਲ ਕਰਨ ਵਾਲੇ ਸੱਤ ਵਿਦਿਆਰਥੀਆਂ ਵਿੱਚੋਂ ਤਿੰਨ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਖੂਪੁਰ ਦੇ ਹਨ ਅਤੇ ਦੋ ਵਿਦਿਆਰਥੀ ਫਤਿਹਗੜ੍ਹ ਚੂੜੀਆਂ ਦੇ ਸੀਨੀਅਰ ਸੈਕੈਂਡਰੀ ਸਕੂਲ ਦੇ ਹਨ।ਇਸ ਵਾਰ ਵੀ ਦਸਵੀਂ ਦੀ ਮੈਰਿਟ ਹਾਸਿਲ ਕਰਨ ਦੇ ਮਾਮਲੇ ਵਿੱਚ ਲੜਕੀਆਂ ਨੇ ਬਾਜ਼ੀ ਮਾਰੀ ਹੈ ਤੇ ਜਿਲਾ ਗੁਰਦਾਸਪੁਰ ਦੇ 14 ਮੈਰਿਟ ਵਿੱਚ ਆਏ ਵਿਦਿਆਰਥੀਆਂ ਵਿੱਚੋਂ 12 ਲੜਕੀਆਂ ਸ਼ਾਮਿਲ ਹਨ।
ਜਿਲੇ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਨ ਬਹਿਰਾਮਪੁਰ ਦੇ ਬੀਡੀ ਪੁਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਦੀ ਸ਼ਿਵਾਨੀ ਬੱਗਾ ਪੁੱਤਰੀ ਬਲਜੀਤ ਬੱਗਾ ਹੈ ਜਿਸ ਨੇ 635 ਅੰਕ ਹਾਸਿਲ ਕਰਕੇ ਸੂਬੇ ਵਿੱਚੋਂ 11ਵਾਂ ਰੈਂਕ ਹਾਸਿਲ ਕੀਤਾ ਹੈ ਜਦ ਕਿ ਦੂਸਰੇ ਸਥਾਨ ਤੇ ਰਹਿਣ ਵਾਲਾ ਵਿਦਿਆਰਥੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਖੂਪੁਰ ਬਟਾਲਾ ਦਾ ਜੈਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਹੈ ਜਿਸ ਨੇ 650 ਵਿੱਚੋਂ 634 ਅੰਕ ਹਾਸਿਲ ਕਰਕੇ ਜਿਲੇ ਵਿੱਚੋਂ ਦੂਜਾ ਤੇ ਸੂਬੇ ਵਿੱਚੋਂ 12ਵਾਂ ਸਥਾਨ ਹਾਸਿਲ ਕੀਤਾ ਹੈ। 634 ਅੰਕ ਹਾਸਲ ਕਰਕੇ ਜਿਲੇ ਵਿੱਚ ਤੀਜਾ ਅਤੇ ਸੂਬੇ ਵਿੱਚ 13ਵਾਂ ਸਥਾਨ ਹਾਸਲ ਕਰਨ ਵਾਲੀ ਲੜਕੀ ਪਲਕ ਅਗਰਵਾਲ ਪੁੱਤਰੀ ਸੁਮਿਤ ਅਗਰਵਾਲ ਗੁਰਦਾਸਪੁਰ ਸ਼ਹਿਰ ਦੇ ਬਾਲ ਵਿਦਿਆ ਮੰਦਰ ਹਾਈ ਸਕੂਲ ਦੀ ਪੜਨ ਵਾਲੀ ਵਿਦਿਆਰਥਨ ਹੈ। ਜਦ ਕਿ ਬਾਬਾ ਮਹਿਮਾ ਸਿੰਘ ਪਬਲਿਕ ਸਕੂਲ ਮੋਹਲੇਵਾਲੀ ਦੀ ਵਿਦਿਆਰਥਨ ਪਰਨੀਤ ਕੌਰ ਪੁੱਤਰੀ ਹਰਜੰਤ ਸਿੰਘ ਨੀ ਜਿਲੇ ਵਿੱਚ ਚੌਥਾ ਅਤੇ ਸੂਬੇ ਵਿੱਚ 72ਵਾਂ ਸਥਾਨ ਹਾਸਲ ਕੀਤਾ ਹੈ।
ਜਿਲਾ ਸਿੱਖਿਆ ਅਧਿਕਾਰੀ ਸਕੈਡਰੀ ਰਜੇਸ਼ ਸ਼ਰਮਾ, ਡਿਪਟੀ ਡੀਟੀਓ ਲਖਵਿੰਦਰ ਸਿੰਘ ਤੇ ਜ਼ਿਲਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਨੇ ਮੈਰਿਟ ਵਿੱਚ ਆਏ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਆਸ ਪ੍ਰਗਟ ਕੀਤੀ ਹੈ ਕਿ ਵਿਦਿਆਰਥੀ ਹੋਰ ਮਿਹਨਤ ਕਰਕੇ ਅੱਗੇ ਵੀ ਜਿਲੇ ਦਾ ਨਾਂ ਇਸੇ ਤਰ੍ਹਾਂ ਹੀ ਰੋਸ਼ਨ ਕਰਨਗੇ।