ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰ ਖੁੱਲ੍ਹੇ ਆਨਲਾਈਨ ਸਕੂਲ
- ਵਿਦਿਆਰਥੀਆਂ ਨੇ ਚਾਈਂ-ਚਾਈਂ ਲਗਾਈਆਂ ਆਨਲਾਈਨ ਕਲਾਸਾਂ
ਲੁਧਿਆਣਾ, 8 ਮਈ 2021 - ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਭਾਵੇਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਪੜ੍ਹਾਈ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਸਿੱਖਿਆ ਵਿਭਾਗ ਵੱਲੋਂ ਇਸ ਵਰ੍ਹੇ ਵੀ ਵਿਦਿਆਰਥੀਆਂ ਦੇ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਲਈ ਪਹਿਲੀ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਡੀ ਡੀ ਪੰਜਾਬੀ ਚੈਨਲ 'ਤੇ ਪ੍ਰਸਾਰਿਤ ਕੀਤੀਆਂ ਗਈਆਂ। 5 ਮਈ ਤੋਂ ਸ਼ੁਰੂ ਹੋਈਆਂ ਇਹਨਾਂ ਕਲਾਸਾਂ ਦਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਏਡਿਡ ਅਤੇ ਐਫਲੀਏਟਿਡ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਰਪੂਰ ਲਾਹਾ ਲਿਆ।
ਸਿੱਖਿਆ ਵਿਭਾਗ ਦੇ ਅਧਿਆਪਕਾਂ ਵੱਲੋਂ ਭਾਵੇਂ ਪਿਛਲੇ ਵਰ੍ਹੇ ਵੀ ਵੱਖ-ਵੱਖ ਆਨਲਾਈਨ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਲਗਾਤਾਰ ਜੋੜੀ ਰੱਖਣ ਦੇ ਅਣਥੱਕ ਉਪਰਾਲੇ ਕੀਤੇ ਸਨ। ਪਰ ਇਸ ਵਾਰ ਪਿਛਲੇ ਸਾਲ ਰਹਿ ਗਈਆਂ ਖਾਮੀਆਂ ਨੂੰ ਸੁਧਾਰ ਕੇ ਇਸ ਵਾਰ ਵਿਭਾਗ ਵੱਲੋਂ ਪੂਰਨ ਯੋਜਨਾਬੱਧ ਤਰੀਕੇ ਰਾਹੀਂ ਸਮਾਂ ਸਾਰਣੀ ਜਾਰੀ ਕਰਕੇ ਇਹਨਾਂ ਆਨਲਾਈਨ ਜਮਾਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵਿਭਾਗ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਉਠਾਏ ਜਾ ਰਹੇ ਕਦਮ ਕਾਬਿਲੇ ਤਾਰੀਫ਼ ਹਨ।
ਸਵੇਰੇ 9 ਵਜੇ ਤੋਂ 10.38 ਮਿੰਟ ਤੱਕ ਲੱਗੀਆਂ ਪ੍ਰਾਇਮਰੀ ਵਰਗ ਦੀਆਂ ਕਲਾਸਾਂ ਨੂੰ ਨੰਨ੍ਹੇ-ਮੁੰਨ੍ਹਿਆਂ ਨੇ ਖ਼ੁਸ਼ੀ-ਖ਼ੁਸ਼ੀ ਲਗਾਇਆ। ਇਸੇ ਤਰ੍ਹਾਂ ਸੈਕੰਡਰੀ ਵਰਗ ਦੀਆਂ ਕਲਾਸਾਂ ਦਾ ਪ੍ਰਸਾਰਨ ਸਵੇਰੇ 10.40 ਵਜੇ ਤੋਂ ਬਾਅਦ ਦੁਪਹਿਰ ਲਗਪਗ 4 ਵਜੇ ਤੱਕ ਹੋਇਆ। ਸਮੂਹ ਵਿਦਿਆਰਥੀਆਂ ਵਿੱਚ ਆਨਲਾਈਨ ਕਲਾਸਾਂ ਪ੍ਰਤੀ ਭਰਪੂਰ ਉਤਸ਼ਾਹ ਵੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਆਪਣੇ-ਆਪਣੇ ਪਾਠਕ੍ਰਮ ਅਨੁਸਾਰ ਵੱਖ-ਵੱਖ ਵਿਸ਼ਿਆਂ ਦਾ ਘਰ ਦਾ ਕੰਮ ਵੀ ਨੋਟ ਕੀਤਾ।
ਆਨਲਾਈਨ ਕਲਾਸਾਂ ਪ੍ਰਤੀ ਸ. ਲਖਵੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈ ਸਿੱ) ਦਾ ਕਹਿਣਾ ਹੈ ਕਿ ਮਹਾਂਮਾਰੀ ਦੇ ਇਸ ਖ਼ੌਫ਼ਜ਼ਦਾ ਮਾਹੌਲ ਵਿੱਚ ਭਾਵੇਂ ਵਿਦਿਆਰਥੀ ਸਕੂਲਾਂ 'ਚ ਨਹੀਂ ਆ ਸਕਦੇ ਪਰ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਿਹਨਤੀ ਅਧਿਆਪਕ ਟੀਵੀ ਰਾਹੀਂ ਆਪਣੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਰਾਹੀਂ ਸਖ਼ਤ ਮਿਹਨਤ ਕਰਵਾ ਰਹੇ ਹਨ। ਸਸਸ ਸਮਾਰਟ ਸਕੂਲ ਸ਼ਾਹਪੁਰ ਦੇ ਪ੍ਰਿੰਸੀਪਲ ਅਤੇ ਮੀਡੀਆ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਮਿਹਨਤਕਸ਼ ਅਮਲੇ ਵੱਲੋਂ ਪਿਛਲੇ ਸਮੇਂ ਤੋਂ ਹਰੇਕ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰਦਿਆਂ ਹਰ ਹੀਲੇ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਿਆ ਜਾ ਰਿਹਾ ਹੈ।
ਪ੍ਰਿੰਸੀਪਲ ਕਰਮਜੀਤ ਕੌਰ ਸਸਸਸ (ਕੰਨਿਆ) ਪਾਇਲ ਦਾ ਕਹਿਣਾ ਹੈ ਕਿ ਭਾਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਪਿਛਲੇ ਵਰ੍ਹੇ ਵੀ ਵੱਖ-ਵੱਖ ਆਨਲਾਈਨ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ ਪਰ ਇਸ ਵਰ੍ਹੇ ਪਿਛਲੇ ਸਮੇਂ ਦਾ ਤਜ਼ਰਬਾ ਵੀ ਨਾਲ ਹੈ ਜੋ ਵਿਭਾਗ ਵੱਲੋਂ ਸਫ਼ਲਤਾਪੂਰਵਕ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਦਾ ਪ੍ਰਬੰਧ ਕੀਤਾ ਗਿਆ ਹੈ।
ਸਰਪੰਚ ਮਲਦੀਪ ਸਿੰਘ ਸ਼ਾਹਪੁਰ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਵੀ ਬੱਚਿਆਂ ਨੂੰ ਘਰ ਬੈਠੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਮਹਾਂਮਾਰੀ ਦੇ ਦੌਰ ਵਿੱਚ ਚਾਹੇ ਉਹਨਾਂ ਦੇ ਬੱਚੇ ਸਕੂਲ ਨਹੀਂ ਜਾ ਸਕਦੇ ਪਰ ਸਰਕਾਰੀ ਸਕੂਲਾਂ ਦੇ ਮਿਹਨਤੀ ਅਧਿਆਪਕਾਂ ਕਰਕੇ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਸਬੰਧੀ ਬੇਫ਼ਿਕਰ ਹਨ ਕਿਉਂਕਿ ਵਿਭਾਗ ਵੱਲੋਂ ਡੀ ਡੀ ਪੰਜਾਬੀ ਚੈਨਲ ਰਾਹੀਂ ਘਰ'ਚ ਹੀ ਸਕੂਲ ਖੋਲ੍ਹ ਦਿੱਤੇ ਹਨ।
ਬਹੁਤ ਸਾਰੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੜਾ ਚੰਗਾ ਮਹਿਸੂਸ ਹੋਇਆ ਜਦ ਕੱਲ੍ਹ ਸ਼ਾਮ ਤੋਂ ਹੀ ਉਹਨਾਂ ਦੇ ਬੱਚਿਆਂ ਨੇ ਡੀ ਡੀ ਪੰਜਾਬੀ 'ਤੇ ਲੱਗਣ ਵਾਲੀਆਂ ਕਲਾਸਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਕੀਤੀ ਜਾ ਰਹੀ ਅਣਥੱਕ ਮਿਹਨਤ ਸਲਾਹੁਣਯੋਗ ਹੈ।
ਪ੍ਰਿੰਸੀਪਲ ਬਲਦੇਵ ਸਿੰਘ ਸਰਾਭਾ ਸਕੂਲ, ਪ੍ਰਿੰਸੀਪਲ ਬਲਵਿੰਦਰ ਸਿੰਘ ਗਰੇਵਾਲ ਡੇਹਲੋਂ ਸਮਾਰਟ ਸਕੂਲ, ਹੈੱਡਮਾਸਟਰ ਬਲਜਿੰਦਰ ਸਿੰਘ, ਪ੍ਰਿੰਸੀਪਲ ਹਰਦੀਪ ਕੌਰ ਲਹਿਲ ਸਮਾਰਟ ਸਕੂਲ, ਪ੍ਰਿੰਸੀਪਲ ਸੁਰਿੰਦਰ ਕੌਰ ਘੁਡਾਣੀ ਸਮਾਰਟ ਸਕੂਲ, ਪ੍ਰਿੰਸੀਪਲ ਤਸਕੀਨ ਅਖਤਰ ਸੀਮੇਟਰੀ ਰੋਡ ਮਾਡਲ ਸਕੂਲ, ਹੈੱਡਮਿਸਟ੍ਰੈਸ ਹਰਲੀਨ ਕੌਰ ਜਸਪਾਲ ਬਾਂਗੜ, ਪ੍ਰਿੰਸੀਪਲ ਗੁਰਮੀਤ ਕੌਰ ਕਰਮਸਰ, ਪ੍ਰਿੰਸੀਪਲ ਨਰੇਸ਼ ਕੁਮਾਰ ਸੇਖੇਵਾਲ, ਪ੍ਰਿੰਸੀਪਲ ਹਰਵਿੰਦਰ ਰੂਪਰਾਇ, ਪ੍ਰਿੰਸੀਪਲ ਚਰਨਜੀਤ ਕੌਰ ਸਮਾਰਟ ਸਕੂਲ ਹੰਬੜਾਂ, ਪ੍ਰਿੰਸੀਪਲ ਡਾ ਸਮ੍ਰਿਤੀ ਭਾਰਗਵ ਸਮਾਰਟ ਸਕੂਲ (ਲੜਕੀਆਂ) ਗਿੱਲ ਅਤੇ ਬਹੁਤ ਸਾਰੇ ਪ੍ਰਿੰਸੀਪਲਾਂ ਨੇ ਆਨਲਾਈਨ ਸਿੱਖਿਆ ਦੇ ਸੰਬੰਧ ਵਿੱਚ ਵਿਭਾਗ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਜੂਮ ਐਪ, ਗੂਗਲ ਮੀਟ ਜਾਂ ਹੋਰ ਆਨਲਾਈਨ ਮੀਡੀਅਮ ਰਾਹੀਂ ਮਿਹਨਤ ਕਰਨ ਵਾਲੇ ਅਧਿਆਪਨ ਸਟਾਫ ਦੀ ਵੀ ਭਰਪੂਰ ਸ਼ਲਾਘਾ ਕੀਤੀ।