ਚੰਡੀਗੜ੍ਹ, 18 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ 'ਤੇ ਐਸ.ਵਾਈ.ਐਲ ਮੁੱਦੇ ਦਾ ਸ਼ਰਮਨਾਕ ਸਿਆਸੀਕਰਨ ਕਰਨ ਦਾ ਦੋਸ਼ ਲਗਾਉਂਦਿਆਂ ਸ਼ੁੱਕਰਵਾਰ ਨੂੰ ਹਰਸਿਮਰਤ ਕੌਰ ਬਾਦਲ ਤੇ ਹੋਰ ਅਕਾਲੀ ਸੰਸਦ ਮੈਂਬਰਾਂ ਨੂੰ ਐਸ.ਵਾਈ.ਐਲ ਮੁੱਦੇ 'ਤੇ ਸੂਬੇ ਦੇ ਲੋਕਾਂ ਪ੍ਰਤੀ ਆਪਣੀ ਇਮਾਨਦਾਰੀ ਸਾਬਤ ਕਰਨ ਲਈ ਅਸਤੀਫਾ ਦੇਣ ਵਾਸਤੇ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਸਵਾਲ ਕੀਤਾ ਕਿ ਕਿਉਂ ਹਰਸਿਮਰਤ ਨੇ ਸੰਸਦ ਤੇ ਕੇਂਦਰੀ ਕੈਬਿਨੇਟ ਤੋਂ ਅਸਤੀਫਾ ਨਹੀਂ ਦਿੱਤਾ ਹੈ? ਕਿਉਂ ਹੋਰ ਅਕਾਲੀ ਸੰਸਦ ਮੈਂਬਰ ਆਪਣੀ ਮੈਂਬਰਸ਼ਿਪ ਛੱਡਣ ਖਾਤਿਰ ਤਿਆਰ ਨਹੀਂ ਹਨ? ਅਜਿਹੇ 'ਚ ਕੀ ਇਨ੍ਹਾਂ ਨੂੰ ਪੰਜਾਬ ਲਈ ਦਰਦ ਨਹੀਂ ਹੁੰਦਾ?
ਉਨ੍ਹਾਂ ਨੇ ਕਿਹਾ ਕਿ ਆਪਣੇ ਪਤੀ, ਭਰਾ ਤੇ ਸਹੁਰੇ ਦੀ ਤਰ੍ਹਾਂ, ਜਿਹੜੇ ਕਿਸੇ ਵੀ ਤਰੀਕੇ ਨਾਲ ਪੰਜਾਬ ਸਰਕਾਰ 'ਚ ਆਪਣਾ ਸਥਾਨ ਬਚਾਏ ਰੱਖਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਹਨ, ਹਰਸਿਮਰਤ ਵੀ ਸਿਰਫ ਆਪਣੀ ਸੰਸਦ ਦੀ ਮੈਂਬਰਸ਼ਿਪ ਸੁਰੱਖਿਅਤ ਰੱਖਣਾ ਚਾਹੁੰਦੀ ਹਨ। ਜਿਨ੍ਹਾਂ ਨੇ ਬਾਦਲਾਂ 'ਤੇ ਆਪਣੇ ਵਿਸ਼ੇਸ਼ ਸਿਆਸੀ ਤੇ ਵਿਅਕਤੀਗਤ ਹਿੱਤਾਂ ਨੂੰ ਬਚਾਏ ਰੱਖਣ ਖਾਤਿਰ ਪੰਜਾਬ ਦੇ ਹਿੱਤਾਂ ਨੂੰ ਵੇਚਣ ਦਾ ਦੋਸ਼ ਲਗਾਇਆ ਹੈ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਕਿਸੇ ਵੀ ਕੀਮਤ 'ਤੇ ਪੰਜਾਬ ਦੇ ਪਾਣੀ ਦੀ ਰਾਖੀ ਕਰੇਗੀ, ਭਾਵੇਂ ਇਸਦਾ ਮਤਲਬ ਇਸੇ ਉਦੇਸ਼ ਲਈ ਅਕਾਲੀਆਂ ਦੀ ਕੋਸ਼ਿਸ਼ ਦਾ ਸਾਥ ਦੇਣਾ ਵੀ ਹੋਵੇ। ਜਿਨ੍ਹਾਂ ਨੇ ਸਪੱਸ਼ਟ ਕੀਤਾ ਕਿ ਐਸ.ਵਾਈ.ਐਲ ਮੁੱਦੇ 'ਤੇ ਉਨ੍ਹਾਂ ਦਾ ਅਸਤੀਫਾ 11 ਨਵੰਬਰ ਤੋਂ ਪ੍ਰਭਾਵੀ ਹੋ ਗਿਆ ਹੈ, ਜਿਸ ਦਿਨ ਉਨ੍ਹਾਂ ਨੇ ਇਸ ਬਾਰੇ ਐਲਾਨ ਕੀਤਾ ਸੀ। ਕੈਪਟਨ ਅਮਰਿੰਦਰ ਨੇ ਕਿਹਾ ਕਿ ਲੋਕ ਸਭਾ ਸਪੀਕਰ ਉਨ੍ਹਾਂ ਦਾ ਅਸਤੀਫਾ ਨਿਰਧਾਰਿਤ ਫਾਰਮੇਟ 'ਚ ਚਾਹੁੰਦੀ ਹਨ, ਜਿਸ 'ਤੇ ਉਨ੍ਹਾਂ ਨੇ ਹਸਤਾਖਰ ਕਰ ਦਿੱਤੇ ਹਨ ਅਤੇ ਵਿਅਕਤੀਗਤ ਤੌਰ 'ਤੇ ਉਨ੍ਹਾਂ ਨੂੰ ਸੌਂਪਣਗੇ। ਹਾਲਾਂਕਿ ਇਸ ਨਾਲ ਉਨ੍ਹਾਂ ਦੇ ਅਸਤੀਫੇ ਦੇ ਪ੍ਰਭਾਵੀ ਹੋਣ 'ਤੇ ਕੋਈ ਅਸਰ ਨਹੀਂ ਪਵੇਗਾ।
ਇਸ ਮੌਕੇ ਸਾਬਕਾ ਅਕਾਲੀ ਤੇ ਆਪ ਆਗੂਆਂ, ਕ੍ਰਮਵਾਰ ਸਰਵਨ ਸਿੰਘ ਫਿਲੌਰ ਤੇ ਸੁਰਿੰਦਰ ਸਿੰਘ ਰਿਆਤ ਦਾ ਕਾਂਗਰਸ 'ਚ ਸਵਾਗਤ ਕਰਦਿਆਂ ਕੈਪਟਨ ਅਮਰਿੰਦਰ ਨੇ ਐਸ.ਵਾਈ.ਐਲ ਮੁੱਦੇ 'ਤੇ ਕਿਸੇ ਵੀ ਤਰ੍ਹਾਂ ਦੀ ਸਿਆਸਤ ਕਰਨ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਲਈ ਲੜਨਾ ਉਨ੍ਹਾਂ ਦਾ ਅਧਿਕਾਰ ਤੇ ਫਰਜ਼ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਰਿਆਣਾ ਇਕ ਰਿਪੇਰਿਅਨ ਸੂਬਾ ਨਹੀਂ ਹੈ ਤੇ ਉਸਦਾ ਸਤਲੁਜ ਦੇ ਪਾਣੀ ਉਪਰ ਕੋਈ ਅਧਿਕਾਰ ਨਹੀਂ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਦੁਹਰਾਇਆ ਕਿ ਸਾਫ ਤੌਰ 'ਤੇ ਪੰਜਾਬ ਕੋਲ ਦੂਜੇ ਸੂਬਿਆਂ ਲਈ ਵਾਧੂ ਪਾਣੀ ਨਹੀਂ ਹੈ, ਜਿਸ ਨਾਲ ਖੁਦ ਉਸਦੀ ਮੰਗ ਵੀ ਪੂਰੀ ਨਹੀਂ ਹੁੰਦੀ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਪੰਜਾਬ ਦੇ ਲੋਕ ਆਪਣਾ ਬਣਦਾ ਅਧਿਕਾਰ ਨਹੀਂ ਛੱਡ ਸਕਦੇ ਤੇ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ, ਭਾਵੇਂ ਕੁਝ ਵੀ ਹੋ ਜਾਵੇ।
ਸਵਾਲਾਂ ਦਾ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਕਾਂਗਰਸ ਐਸ.ਵਾਈ.ਐਲ ਮੁੱਦੇ 'ਤੇ ਸੂਬੇ ਦੇ ਹਿੱਤਾਂ ਦੀ ਰਾਖੀ ਖਾਤਿਰ ਵਚਨਬੱਧ ਹੈ, ਤੇ ਲੋੜ ਪੈਣ 'ਤੇ, ਇਸੇ ਉਦੇਸ਼ ਦੀ ਪੂਰਤੀ ਖਾਤਿਰ ਸ੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਲਈ ਵੀ ਤਿਆਰ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਿਆਸਤ ਕਰਨ ਲਈ ਨਹੀਂ ਹੈ। ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਦਾਅ 'ਤੇ ਲੱਗੀਆਂ ਹਨ ਅਤੇ ਐਸ.ਵਾਈ.ਐਲ ਮੁੱਦੇ 'ਤੇ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਹੋਣ ਜਾਣ ਦੇ ਨਤੀਜੇ ਵਜੋਂ ਨਿਸ਼ਚਿਤ ਬਰਬਾਦੀ ਤੋਂ ਉਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਹੈ।