ਚੰਡੀਗੜ੍ਹ, 15 ਨਵੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕੈਬਿਨੇਟ ਦੁਆਰਾ ਐਸਵਾਈਐਲ ਦੀ ਜਮੀਨ ਡੀਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਸ ਕਰਨ ਦੇ ਫੈਸਲੇ ਉਤੇ ਪ੍ਰਤੀਕਿਰਿਆ ਜਾਹੀਰ ਕਰਦੇ ਕਿਹਾ ਕਿ ਐਸਵਾਈਐਲ ਲਈ ਕਿਸਾਨਾਂ ਦੀ ਐਕਵਾਇਰ ਹੋਈ ਜਮੀਨ ਦੀ ਕਾਨੂੰਨੀ ਤੌਰ ਤੇ ਵਾਪਸੀ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ ਫੂਲਕਾ ਅਤੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਐਸਵਾਈਐਲ ਸਬੰਧੀ ਐਕਵਾਇਰ ਜਮੀਨ ਕਿਸਾਨਾਂ ਨੂੰ ਵਾਪਿਸ ਕਰਨ ਵਾਸਤੇ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲੇ ਉਤੇ ਕਿਹਾ ਹੈ ਕਿ ਉਨਾਂ ਬਾਦਲ ਸਰਕਾਰ ਉਤੇ ਦੋਸ਼ ਲਗਾਉਂਦਿਆ ਕਿਹਾ ਕਿ ਪੰਜਾਬ ਕੈਬਿਨੇਟ ਦਾ ਇਹ ਫੈਸਲਾ ਕੈਂਸਰ ਨੂੰ ਮੱਲਮ ਨਾਲ ਠੀਕ ਕਰਨ ਦੀ ਕੋਸ਼ਿਸ਼ ਵਰਗਾ ਹੈ।
ਫੂਲਕਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਮੂਹ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨਾਂ ਕਿਹਾ ਕਿ ਬਾਦਲ ਸਰਕਾਰ ਦਾ ਜਮੀਨ ਵਾਪਿਸ ਕਰਨ ਦਾ ਫੈਸਲਾ ਆਪਣੇ ਆਪ ਵਿਚ ਇਹ ਸਿੱਧ ਕਰਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਵਲੋਂ 38 ਸਾਲ ਪਹਿਲਾਂ 1978 ਵਿਚ ਲਿਆ ਫੈਸਲਾ ਕਿਸਾਨ ਵਿਰੋਧੀ ਅਤੇ ਗਲਤ ਸੀ। ਉਨਾਂ ਕਿਹਾ ਕਿ ਬਾਦਲ ਨੂੰ ਕਿਸਾਨਾਂ ਦੀ ਜਮੀਨ ਵਾਪਸ ਕਰਨ ਦੇ ਨਾਲ ਨਾਲ ਮੁਆਵਜੇ ਵਜੋਂ ਗੁੜਗਾਂਓ ਵਿਚਲਾ ਉਹ ਹੋਟਲ ਜਿਸ ਲਈ ਜਮੀਨ ਬਾਦਲ ਦੇ ਦੋਸਤ ਦੇਵੀ ਲਾਲ ਨੇ ਪੰਜਾਬ ਦੇ ਪਾਣੀਆਂ ਦਾ ਸੌਦਾ ਕਰਨ ਦੇ ਬਦਲੇ ਬਾਦਲ ਨੂੰ ਦਿੱਤੀ ਸੀ ਵੀ ਕਿਸਾਨਾਂ ਦੇ ਨਾਮ ਕਰ ਦੇਣਾ ਚਾਹੀਦਾ ਹੈ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜਦੋਂ ਪਤਾ ਹੈ ਕਿ ਇਸ ਮਾਮਲੇ ਉਤੇ ਮੋਦੀ ਸਰਕਾਰ ਨੇ ਫੈਸਲਾ ਕਰਨਾ ਹੈ ਤਾਂ ਅਜਿਹੇ ਵਿੱਚ ਬਾਦਲ ਸਰਕਾਰ ਵੱਲੋਂ ਮਾਮਲੇ ਉਤੇ ਫੈਸਲਾ ਕਰਕੇ ਕਿਸਾਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਦੁਆਰਾ ਪੰਜਾਬ ਦੇ ਲੋਕਾਂ ਤੋਂ ਇਸ ਮਾਮਲੇ ਸੰਬੰਧੀ ਹਸਤਾਖਰ ਕਰਵਾ ਕੇ ਫਾਰਮ ਟਰੱਕ ਵਿਚ ਭਰ ਕੇ ਰਾਸ਼ਟਰਪਤੀ ਨੂੰ ਭੇਜਣਾ ਲੋਕਾਂ ਨੂੰ ਮੁਰਖ ਬਣਾਉਣ ਦਾ ਸਮਾਨ ਹੈ। ਉਨਾਂ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸੇ ਤਰਾਂ ਹੀ ਪ੍ਰਧਾਨ ਮੰਤਰੀ ਮੋਦੀ ਤੋਂ ਨੋਟਾਂ ਦੇ ਟਰੱਕ ਭਰ ਕੇ ਪੰਜਾਬ ਲਿਆਉਣ ਦੀ ਗੱਲ ਕਰਦੇ ਸਨ ਜੋ ਕਿ ਇਕ ਜੁਮਲਾ ਨਿਕਲਿਆ ਸੀ। ਉਨਾਂ ਕਿਹਾ ਕਿ ਫਾਰਮਾਂ ਦੇ ਟਰੱਕ ਰਾਸ਼ਟਰਪਤੀ ਨੂੰ ਭੇਜਣ ਦੀ ਥਾਂ ਅਕਾਲੀ ਦਲ ਅਤੇ ਬਾਦਲ ਇਸਦਾ ਕੋਈ ਕਾਨੂੰਨੀ ਹੱਲ ਲੱਭਣ।