ਈਥਾਨੌਲ ਦੀ ਗੈਰ-ਕਾਨੂੰਨੀ ਸਪਲਾਈ ਦਾ ਪਤਾ ਲਗਾਉਣ ਲਈ ਚਲਾਇਆ ਗਿਆ ਸਰਚ ਆਪਰੇਸ਼ਨ
- ਪੰਜਾਬ ਦੇ ਆਬਕਾਰੀ ਵਿਭਾਗ ਨੇ ਦਰਜਨਾਂ ਟਰੱਕਾਂ ਅਤੇ ਢਾਬਿਆਂ ਦੀ ਵੀ ਕੀਤੀ ਜਾਂਚ
ਮਲਕੀਤ ਸਿੰਘ ਮਲਕਪੁਰ
ਲਾਲੜੂ 27 ਅਪ੍ਰੈਲ 2027: ਪੰਜਾਬ ਆਬਕਾਰੀ ਵਿਭਾਗ ਵੱਲੋਂ ਸਥਾਨਕ ਪੁਲਿਸ ਦੇ ਨਾਲ ਲਾਲੜੂ ਸਥਿਤ ਇੱਕ ਪਲਾਂਟ ਅਤੇ ਨੇੜਲੇ ਢਾਬਿਆਂ 'ਤੇ ਈਥਾਨੋਲ ਦੀ ਗੈਰ-ਕਾਨੂੰਨੀ ਸਪਲਾਈ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਚਲਾਈ ਗਈ। ਆਬਕਾਰੀ ਇੰਸਪੈਕਟਰਾਂ ਵਿਕਾਸ ਭਟੇਜਾ, ਗੁਰਿੰਦਰਪਾਲ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਸਰਚ ਅਭਿਆਨ ਦੌਰਾਨ ਗੈਸ/ਪੈਟਰੋਲੀਅਮ ਪਦਾਰਥਾਂ ਅਤੇ ਈਐਨਏ ਨਾਲ ਭਰੇ ਕਈ ਟਰੱਕਾਂ ਦੀ ਵੀ ਚੈਕਿੰਗ ਕੀਤੀ ਗਈ, ਜਿੱਥੇ ਉਹ ਰੁਕਦੇ ਸਨ , ਉਨ੍ਹਾਂ ਵੱਲੋਂ ਢਾਬਿਆਂ ਦੀ ਵੀ ਜਾਂਚ ਕੀਤੀ ਗਈ। ਜਾਣਕਾਰੀ ਦਿੰਦਿਆਂ ਆਬਕਾਰੀ ਇੰਸਪੈਕਟਰ ਵਿਕਾਸ ਨੇ ਦੱਸਿਆ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਤੇ ਸਹਾਇਕ ਕਮਿਸ਼ਨਰ ਆਬਕਾਰੀ, ਰੋਪੜ ਰੇਂਜ ਦੀਆਂ ਹਦਾਇਤਾਂ 'ਤੇ ਇੱਕ ਪਲਾਂਟ ਦੇ ਬਾਹਰ ਖੜ੍ਹੇ ਦਰਜਨਾਂ ਟੈਂਕਰਾਂ ਅਤੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਕਈ ਢਾਬਿਆਂ 'ਤੇ ਰੁਕੇ ਟੈਂਕਰਾਂ ਦੀ ਲਗਾਤਾਰ ਚੈਕਿੰਗ ਕੀਤੀ ਗਈ।
ਇਨ੍ਹਾਂ ਵਾਹਨਾਂ ਵਿੱਚ ਈਥਾਨੌਲ ਤੋਂ ਇਲਾਵਾ ਇਸ ਨੂੰ ਕੱਢਣ ਲਈ ਵਰਤੇ ਜਾਂਦੇ ਪੰਪਾਂ ਦੀ ਵੀ ਤਲਾਸ਼ੀ ਲਈ ਗਈ ਅਤੇ ਵਿਭਾਗ ਦੀਆਂ ਕਈ ਟੀਮਾਂ ਪੰਜਾਬ ਭਰ 'ਚ ਈਥਾਨੋਲ ਦੇ ਮੁੱਦੇ 'ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਚੈਕਿੰਗ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ ਡੇਰਾਬੱਸੀ ਦੇ ਐੱਸਡੀਐੱਮ ਹਿਮਾਂਸ਼ੂ ਗੁਪਤਾ ਨੇ ਡੀਸੀ ਆਸ਼ਿਕਾ ਜੈਨ ਵੱਲੋਂ ਮਿਥੇਨੌਲ ਦੀ ਵਿਕਰੀ ਅਤੇ ਵਰਤੋਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕਰਦਿਆਂ ਡੇਰਾਬੱਸੀ ਦੀ ਇੱਕ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਬੇਨਿਯਮੀਆਂ ਦਾ ਪਤਾ ਲਗਾਇਆ ਸੀ। ਪਾਵਰਕੈਮ ਟੈਕ ਕੱਚੇ ਮਾਲ ਵਜੋਂ ਮੀਥੇਨੌਲ ਦੀ ਵਰਤੋਂ ਕਰਕੇ ਫਾਰਮਲਡੀਹਾਈਡ ਦਾ ਉਤਪਾਦਨ ਕਰਦਾ ਹੈ ਪਰ ਸਟਾਕ ਰਜਿਸਟਰ ਅਤੇ ਮੀਥੇਨੌਲ ਦੇ ਬਿੱਲ ਦਿਖਾਉਣ ਵਿੱਚ ਅਸਫਲ ਰਿਹਾ ਜੋ ਕਿ ਘੋਰ ਲਾਪਰਵਾਹੀ ਸੀ।