ਗਰਭਵਤੀ ਔਰਤ ਨੇ ਪਤੀ ਅਤੇ ਸਹੁਰਿਆਂ ਦੀ ਮਾਰ ਕੁਟਾਈ ਕਾਰਨ ਪੇਟ ਵਿੱਚ ਪਲ ਰਿਹਾ ਬੱਚਾ ਮਰਨ ਦੇ ਲਗਾਏ ਦੋਸ਼
ਰੋਹਿਤ ਗੁਪਤਾ
ਗੁਰਦਾਸਪੁਰ 9 ਮਈ 2024 - ਗੁਰਦਾਸਪੁਰ ਦੇ ਪਿੰਡ ਹਰਦੋਛਣੀ 'ਚ ਤਿੰਨ ਮਹੀਨੇ ਦੀ ਗਰਭਵਤੀ ਔਰਤ ਵਲੋਂ ਆਪਣੇ ਪਤੀ ਅਤੇ ਸਹੁਰਿਆਂ ਤੇ ਬੁਰੀ ਤਰ੍ਹਾਂ ਮਾਰਕੋਟੈਕ ਦੇ ਦੋਸ਼ ਲਗਾਏ ਗਏ ਹਨ ਜਿਸ ਕਾਰਨ ਉਸ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ ਹੋ ਗਈ। ਪੀੜਤ ਔਰਤ ਅਨੁਸਾਰ ਉਸ ਨੇ ਸਿਵਲ ਹਸਪਤਾਲ ਪਹੁੰਚ ਕੇ ਇਲਾਜ ਸ਼ੁਰੂ ਕਰਵਾਇਆ ਜਿੱਥੇ ਡਾਕਟਰਾਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਉਸਦਾ ਦਾ ਗਰਭਪਾਤ ਕਰਵਾਉਣਾ ਪਿਆ। ਪੀੜਤ ਪਰਿਵਾਰ ਨੇ ਜਿੱਥੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ, ਉੱਥੇ ਹੀ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਕਤਲ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ | ਔਰਤ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਜਦੋਂ ਉਸ ਦੀ ਭੈਣ ਉਸਨੂੰ ਛੁਡਾਉਣ ਆਈ ਤਾਂ ਉਸ ਦੀ ਹੋਰ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਹਾਲਾਂਕਿ ਔਰਤ ਦਾ ਸਹੁਰਾ ਪਰਿਵਾਰ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੁਠ ਦੱਸ ਰਿਹਾ ਹੈ।
ਸਿਵਲ ਹਸਪਤਾਲ ਵਿੱਚ ਦਾਖ਼ਲ ਪੀੜਤ ਔਰਤ ਪਲਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਪਿੰਡ ਹਰਦੋਛੰਨੀ ਨੇ ਦੱਸਿਆ ਕਿ ਉਸਦੇ ਪੇਕੇ ਨਜਦੀਕੀ ਪਿੰਡ ਨੂਰਪੁਰ ਵਿੱਚ ਹਨ ਉਸ ਦਾ ਵਿਆਹ ਫਰਵਰੀ 2023 ਵਿੱਚ ਹਰਦੋਛੰਨੀ ਦੇ ਹਰਪ੍ਰੀਤ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ ਅਤੇ ਝਗੜਾ ਕੀਤਾ, ਜਿਸ ਕਾਰਨ ਉਹ ਕਰੀਬ ਤਿੰਨ ਵਾਰ ਪਤਵੰਤਿਆਂ ਦੀ ਸਹਿਮਤੀ ਨਾਲ ਆਪਣੇ ਸਹੁਰੇ ਘਰ ਵਾਪਸ ਗਈ। ਇਸ ਵਾਰ ਫਿਰ 21 ਫਰਵਰੀ ਨੂੰ ਉਸ ਦੇ ਸਹੁਰੇ ਉਸ ਨੂੰ ਵਾਪਸ ਹਰਦੋਛੰਣੀ ਲੈ ਗਏ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਮਾਮੂਲੀ ਤਕਰਾਰ ਹੁੰਦੀ ਰਹੀ। ਇਸ ਦੌਰਾਨ ਉਹ ਗਰਭਵਤੀ ਹੋ ਗਈ। 5 ਮਈ ਨੂੰ ਉਸ ਦੀ ਸੱਸ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਕਿਸੇ ਬਾਬੇ ਨੇ ਦੱਸਿਆ ਸੀ ਕਿ ਪਲਿੰਦਰ ਦੇ ਪੇਟ ਵਿੱਚ ਬੱਚੀ ਹੈ । ਉਸ ਨੇ ਦੱਸਿਆ ਕਿ ਉਸ ਦੀ ਭਰਜਾਈ ਦੀਆਂ ਪਹਿਲਾਂ ਹੀ ਦੋ ਧੀਆਂ ਹਨ, ਇਸ ਲਈ ਉਹ ਇਹ ਬੱਚੀ ਨਹੀਂ ਚਾਹੁੰਦੇ। ਜਿਸ ਕਾਰਨ ਉਨ੍ਹਾਂ ਨੇ ਮੈਨੂੰ ਇਸ ਬੱਚੇ ਦਾ ਗਰਭਪਾਤ ਕਰਨ ਲਈ ਕਿਹਾ, ਜਿਸ ਲਈ ਮੈਂ ਸਹਿਮਤ ਨਹੀਂ ਹੋਈ ਕਿਉਂਕਿ ਇਹ ਮੇਰਾ ਪਹਿਲਾ ਬੱਚਾ ਸੀ।
6 ਮਈ ਦੀ ਸਵੇਰ ਨੂੰ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਉਸ ਨੂੰ ਜ਼ਬਰਦਸਤੀ ਕੋਈ ਦਵਾਈ ਪਿਲਾ ਦਿੱਤੀ ਅਤੇ ਕਮਰੇ ਵਿਚ ਬੰਦ ਕਰ ਦਿੱਤਾ। ਇਸ ਦੌਰਾਨ ਉਸ ਦੀ ਭੈਣ ਹਰਜੀਤ ਕੌਰ ਵੀ ਉੱਥੇ ਆ ਗਈ। ਜਦੋਂ ਉਹ ਉੱਥੇ ਪਹੁੰਚੀ ਤਾਂ ਉਸ ਦਾ ਸਾਰਾ ਸਹੁਰਾ ਪਰਿਵਾਰ ਅਤੇ ਹੋਰ ਰਿਸ਼ਤੇਦਾਰ ਉਸ ਦੇ ਆਲੇ-ਦੁਆਲੇ ਖੜ੍ਹੇ ਸਨ। ਜਦੋਂ ਹਰਜੀਤ ਕੌਰ ਨੇ ਉਸ ਨੂੰ ਆਪਣੇ ਨਾਲ ਜਾਣ ਲਈ ਕਿਹਾ ਤਾਂ ਉਸ ਦੇ ਪਤੀ, ਸੱਸ, ਸਹੁਰਾ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੁਝ ਦੇਰ ਬਾਅਦ ਉਸ ਨੂੰ ਛੱਡਿਆ ਤਾਂ ਉਸ ਦੇ ਪੇਟ ਵਿੱਚ ਲਗਾਤਾਰ ਦਰਦ ਹੋ ਰਿਹਾ ਸੀ। ਕਿਸੇ ਤਰ੍ਹਾਂ ਦੋਵੇਂ ਭੈਣਾਂ ਉਨ੍ਹਾਂ ਦੇ ਚੁੰਗਲ 'ਚੋਂ ਬਚ ਕੇ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚੀਆਂ, ਜਿੱਥੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਕੁੱਖ 'ਚ ਮੌਜੂਦ ਬੱਚਾ ਮਰ ਚੁੱਕਾ ਹੈ, ਜਿਸ ਤੋਂ ਬਾਅਦ ਡਾਕਟਰਾਂ ਨੂੰ ਉਸ ਦਾ ਗਰਭਪਾਤ ਕਰਵਾਉਣਾ ਪਿਆ। ਪੀੜਤ ਪਰਿਵਾਰ ਨੇ ਇਸ ਮਾਮਲੇ ਸਬੰਧੀ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਜਦੋਂ ਪਲਿੰਦਰ ਕੌਰ ਦੇ ਪਤੀ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੇ ਪਲਿੰਦਰ ਅਤੇ ਉਸ ਦੀ ਭੈਣ ਦੀ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਹੈ। ਉਲਟਾ ਉਨ੍ਹਾਂ ਨੇ ਉਸਦੀ ਅਤੇ ਉਸ ਦੀ ਮਾਂ ਦੀ ਕੁੱਟਮਾਰ ਕੀਤੀ। ਬੱਚੇ ਦੀ ਮੌਤ ਪਲਿੰਦਰ ਕੌਰ ਕਾਰਨ ਹੋਈ ਹੈ ਕਿਉਂਕਿ ਇਹ ਲੋਕ ਬੱਚਾ ਨਹੀਂ ਚਾਹੁੰਦੇ ਸਨ ਅਤੇ ਇਹ ਸਾਡੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਇਸੇ ਲਈ ਉਹ ਸਾਨੂੰ ਬੱਚਾ ਨਹੀਂ ਦੇਣਾ ਚਾਹੁੰਦੇ।
ਇਸ ਸਬੰਧੀ ਜਦੋਂ ਸਿਵਲ ਹਸਪਤਾਲ 'ਚ ਪਲਿੰਦਰ ਕੌਰ ਦਾ ਇਲਾਜ ਕਰ ਰਹੀ ਗਾਇਨੀਕੋਲੋਜਿਸਟ ਡਾ: ਸਮਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਪਲਿੰਦਰ ਕੌਰ ਹਸਪਤਾਲ ਪਹੁੰਚੀ ਤਾਂ ਉਸ ਨੇ ਸਾਨੂੰ ਆਪਣੀ ਹਿਸਟਰੀ ਦੱਸੀ ਕਿ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ ਉਸ ਦੇ ਪੇਟ ਵਿੱਚ ਮੁੱਕੇ ਅਤੇ ਲੱਤਾਂ ਮਾਰੀਆਂ ਗਈਆਂ। ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਖੂਨ ਵਹਿ ਰਿਹਾ ਸੀ। ਜਦੋਂ ਪਲਿੰਦਰ ਕੌਰ ਦਾ ਅਲਟਰਾਸਾਊਂਡ ਕਰਵਾਇਆ ਗਿਆ ਤਾਂ ਰਿਪੋਰਟ ਸਾਹਮਣੇ ਆਈ ਕਿ ਬੱਚੇ ਦੇ ਦਿਲ ਦੀ ਧੜਕਣ ਨਹੀਂ ਸੀ, ਜਿਸ ਕਾਰਨ ਉਸ ਦਾ ਗਰਭਪਾਤ ਕਰਵਾਉਣਾ ਪਿਆ।
ਇਸ ਸਬੰਧੀ ਜਦੋਂ ਥਾਣਾ ਸਦਰ ਦੇ ਇੰਚਾਰਜ ਅਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ। ਮੈਡੀਕਲ ਰਿਪੋਰਟ ਆਉਣ ਅਤੇ ਪੀੜਤ ਔਰਤ ਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।