ਗੁਰਦਵਾਰੇ ਦੇ ਗ੍ਰੰਥੀ ਨੂੰ ਮਾੜੀ ਸ਼ਬਦਾਵਲੀ ਵਰਤਣ ਨੂੰ ਲੈ ਕੇ ਵਿਵਾਦ, ਮਾਫੀ ਮੰਗ ਕੇ ਛੁਡਾਇਆ ਖਹਿੜਾ !
- ਲਗਾਤਾਰ ਦੋ ਦਿਨ ਕੋਟਕਪੂਰੇ ਦੇ ਗੁਰਦਵਾਰੇ ’ਚ ਬਣਿਆ ਰਿਹਾ ਤਣਾਅ ਦਾ ਮਾਹੌਲ
ਕੋਟਕਪੂਰਾ, 16 ਅਪ੍ਰੈਲ 2024:- ਸਥਾਨਕ ਦੇਵੀਵਾਲਾ ਸੜਕ ’ਤੇ ਸਥਿੱਤ ਗੁਰਦਵਾਰਾ ਕਲਗੀਧਰ ਸਾਹਿਬ ਵਿਖੇ ਉਸ ਵੇਲੇ ਵਿਵਾਦ ਖੜਾ ਹੋ ਗਿਆ, ਜਦੋਂ ਗੁਰਦਵਾਰੇ ਦੇ ਗੁਆਂਢ ਵਿੱਚ ਰਹਿੰਦੇ ਇਕ ਵਿਅਕਤੀ ਨੇ ਕਥਿੱਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਗੁਰਦਵਾਰੇ ਦੇ ਗ੍ਰੰਥੀ ਨੂੰ ਗਾਲਾਂ ਕੱਢਦਿਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ 14 ਅਪੈ੍ਰਲ ਦਿਨ ਐਤਵਾਰ ਦੀ ਰਾਤ ਸਮੇਂ ਦੀ ਦੱਸੀ ਜਾਂਦੀ ਹੈ, ਜਦੋਂ ਗ੍ਰੰਥੀ ਵਲੋਂ ਗੁਰਦਵਾਰੇ ਵਿੱਚ ਆਈ ਸੰਗਤ ਲਈ ਪ੍ਰਸ਼ਾਦਾ ਤਿਆਰ ਕਰਵਾਇਆ ਜਾ ਰਿਹਾ ਸੀ।
ਭਾਵੇਂ ਪੁਲਿਸ ਦੀ ਹਾਜਰੀ ਵਿੱਚ ਗਲਤੀ ਮੰਨਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਮੂਹਰੇ ਮਾਫੀ ਮੰਗ ਕੇ ਅਤੇ ਲਿਖਤੀ ਮਾਫੀਨਾਮਾ ਦੇ ਕੇ ਖਹਿੜਾ ਛੁਡਾ ਲਿਆ ਅਰਥਾਤ ਵਿਵਾਦ ਨਿਪਟ ਗਿਆ ਪਰ 15 ਅਤੇ 16 ਅਪੈ੍ਰਲ ਨੂੰ ਤਣਾਅ ਵਾਲਾ ਮਾਹੌਲ ਬਣਿਆ ਰਿਹਾ। ਉੱਥੇ ਪੁੱਜੇ ਰਾਗੀ ਗ੍ਰੰਥੀ ਸਭਾ ਵਲੋਂ ਭਾਈ ਮਨਪ੍ਰੀਤ ਸਿੰਘ, ਭਾਈ ਜੰਗ ਸਿੰਘ, ਅਜੀਤ ਸਿੰਘ, ਕਿ੍ਰਪਾਲ ਸਿੰਘ, ਲਾਲ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਅਗਲੇ ਦਿਨ 15 ਅਪੈ੍ਰਲ ਨੂੰ ਗੁਰਦਵਾਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਉਸਨੂੰ ਸਮਝਾਉਣ ਦੀ ਕੌਸ਼ਿਸ਼ ਕੀਤੀ ਗਈ ਪਰ ਜਦ ਉਹ ਟੱਸ ਤੋਂ ਮੱਸ ਨਾ ਹੋਇਆ ਤਾਂ ਪੁਲਿਸ ਬੁਲਾਉਣੀ ਪਈ।
ਉਹਨਾ ਦੱਸਿਆ ਕਿ ਪਹਿਲਾਂ ਪੁਲਿਸ ਦੀ ਹਾਜਰੀ ਵਿੱਚ ਅਤੇ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਮੂਹਰੇ ਮਾਫੀ ਮੰਗ ਲੈਣ ਨਾਲ ਭਾਵੇਂ ਵਿਵਾਦ ਨਿਪਟ ਗਿਆ ਹੈ ਪਰ ਰਾਗੀ ਗ੍ਰੰਥੀ ਸਭਾ ਭਵਿੱਖ ਵਿੱਚ ਅਜਿਹੀ ਕੁਤਾਹੀ ਬਰਦਾਸ਼ਤ ਨਹੀਂ ਕਰੇਗੀ। ਉਹਨਾਂ ਆਖਿਆ ਕਿ ਸ਼ਰਾਬ ਦੇ ਨਸ਼ੇ ਵਿੱਚ ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਆਉਣ ਦੀ ਸਖਤ ਮਨਾਹੀ ਹੈ ਪਰ ਸੰਗਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਕਤ ਵਿਅਕਤੀ ਸ਼ਰਾਬ ਪੀ ਕੇ ਅਕਸਰ ਗੁਰਦਵਾਰੇ ਦੇ ਇਕ ਗੇਟ ’ਚੋਂ ਦਾਖਲ ਹੋ ਕੇ ਦੂਜੇ ਗੇਟ ਰਾਹੀਂ ਬਾਹਰ ਜਾਂਦਾ ਹੈ ਪਰ ਉਕਤ ਵਿਅਕਤੀ ਨੇ ਮਾਫੀ ਮੰਗਦਿਆਂ ਭਵਿੱਖ ਵਿੱਚ ਅਜਿਹੀ ਗਲਤੀ ਨਾ ਕਰਨ ਦਾ ਪ੍ਰਣ ਕੀਤਾ ਹੈ। ਏ.ਐੱਸ.ਆਈ. ਭੁਪਿੰਦਰਜੀਤ ਸਿੰਘ ਨੇ ਆਖਿਆ ਕਿ ਲਿਖਤੀ ਰੂਪ ਵਿੱਚ ਮਾਫੀਨਾਮਾ ਲੈਣ ਤੋਂ ਬਾਅਦ ਫਿਲਹਾਲ ਮਾਮਲਾ ਨਿੱਬੜ ਗਿਆ ਹੈ ਪਰ ਜੇਕਰ ਭਵਿੱਖ ਵਿੱਚ ਅਜਿਹੀ ਅਣਗਹਿਲੀ ਸਾਹਮਣੇ ਆਈ ਤਾਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।