ਖਿਆਲਾਂ ਦਾ ਹੜ੍ਹ ਰੋਜ਼ ਆਉਣਾ। ਮੈਨੂੰ ਆਪਣੇ ਨਾਲ ਰੋਹੜ ਲੈਣਾ ਜਾਂ ਬੁੱਕਲ ਵਿੱਚ ਲੈ ਲੈਣਾ, ਤੇ ਵਾਰ ਵਾਰ ਇਸ ਗੱਲ ਦਾ ਅਹਿਸਾਸ ਕਰਵਾਉਣਾ ਕਿ ਬਹੁਤ ਕੀਮਤੀ ਨੇ ਉਹ ਅਮੁੱਕ ਗੱਲਾਂ, ਜੋ ਉਹਦੀ ਮਿਸ਼ਰੀ ਜਿਹੀ ਜੁਬਾਨ ਸਦਕਾ ਬੁੱਲ੍ਹਾਂ ਦੀ ਹਲ ਚਲ ਨਾਲ ਘੁਲ ਜਾਂਦੀਆਂ। ਦੂਰ ਓਸ ਬਰਫ਼ਾਂ ਦੇ ਸ਼ਹਿਰ, ਜਿੰਨ੍ਹਾਂ ਤੋਂ ਅਕਸਰ ਤੂੰ ਵਾਂਝਾ ਰਹਿ ਜਾਨਾ ਏਂ। ਤੂੰ ਕਦੇ ਦੇਖਿਆ ਕਿ ਕਬੂਤਰ ਵੀ ਓਹਦੀਆਂ ਅੱਖਾਂ 'ਚ ਦੇਖ ਕੇ ਜਿਵੇ ਨੱਚ ਉੱਠਦਾ ਹੋਵੇ, ਓਹੀ ਅੱਖਾਂ, ਜਿਨ੍ਹਾਂ ਨੂੰ ਕੱਜਲ ਲੈਕੇ ਦੇਣ ਦੀ ਜਿੰਮੇਵਾਰੀ ਨਿਭਾਈ ਨਹੀ ਤੂੰ। ਕੰਨਾਂ ਪਿੱਛੇ ਲਮਕੇ ਵਾਲ ਸਬੂਤ ਨੇ ਪੰਜਾਬ ਦੀ ਜੰਮੀ ਜਾਈ ਦੇ।
ਗੌਰ ਕਰ ਤੇ ਦੇਖ ਓਹਨੂੰ। ਮਿਹਨਤਾਂ ਨਾਲ ਰੁੱਝੀ ਹੋਈ ਦੇ ਬਾਅਦ ਵੀ ਹੱਥਾਂ ਨੇ ਜਿਵੇਂ ਰੂੰ ਦਾ ਰੂਪ ਧਾਰਿਆ ਹੋਵੇ, ਹਾਸੇ ਦੀ ਛਣਕਾਰ ਜਿਵੇਂ ਦੂਰ ਕਿਤੇ ਸੁਰੀਲੀ ਸਾਰੰਗੀ ਵੱਜਦੀ ਹੋਵੇ ਤੇ ਸੰਗੀਤ ਸਕੂਨ ਦੀਆਂ ਤਾਰਾਂ ਛੇੜ ਰਹੀ ਹੋਵੇ। ਜਿਵੇਂ ਕੁਦਰਤ ਨੇ ਸਿਰਫ਼ ਕੁਝ ਰੰਗ ਬਣਾਏ ਹੀ ਉਹਦੇ ਲਈ ਹੋਣ, ਇਹ ਸਿੱਧ ਕਰਦੇ ਨੇ ਉਹਦੇ ਕਦੇ ਕਦੇ ਪਾਏ ਸੂਟਾਂ ਦੇ ਰੰਗ। ਅੱਧ ਨੰਗਾ ਜਿਹਾ ਰਹਿਕੇ ਖੁਦ ਨੂੰ ਸੋਹਣੀਆਂ ਸਮਝਣ ਵਾਲੀਆਂ ਕਿੱਥੇ ਰੀਸ ਕਰਦੀਆਂ ਨੇ ਓਸ ਮੁਟਿਆਰ ਦੀ, ਜਿਹਦੀ ਸਾਦਗੀ ਨਾਲ ਅੰਬਰਾਂ ਤੋਂ ਤਾਰੇ ਖੁਦ ਟੁੱਟ ਕੇ ਉਹਦੀ ਬੁੱਕਲ ਵਿੱਚ ਆਣ ਡਿੱਗਦੇ ਹੋਣ ਤੇ ਅਰਜ਼ੀ ਲਾਉਂਦੇ ਹੋਣ ਕਿ ਪੈਰਾਂ 'ਚ ਪੰਜੇਬ ਬਣਾ ਕੇ ਜਾਂ ਗਲ ਦੀ ਗਾਨੀ 'ਚ ਜੜ ਕੇ ਆਵਦੇ ਨਾਲ ਹੀ ਰੱਖਲੈ।
ਜਦੋ ਉਹ ਹੱਸਦੀ ਹੋਵੇ ਤੇ ਮੇਰਾ ਤਾਂ ਧਰਤੀ 'ਤੇ ਪੈਰ ਨੀ ਲੱਗਦਾ ਤੇ ਜਦੋ ਪਤਾ ਲਗਦਾ ਕਿ ਜ਼ਿੰਦਗੀ ਦੀਆਂ ਉਲਝਣਾਂ ਨੇ ਇਸ ਕੂੰਜ ਨੂੰ ਉਲਝਾ ਲਿਆ, ਫਿਰ ਪੈਰਾਂ ਥੱਲਿਓ ਧਰਤੀ ਨਿਕਲ ਜਾਂਦੀ ਏ, ਮੁੱਕਦੀ ਗੱਲ ਕਿ ਸੋਹਣੀ ਸੂਰਤ ਤੇ ਸੋਹਣੀ ਸੀਰਤ ਵਾਲੀ ਨੂੰ ਜਲਦੀ ਘੇਰ ਲੈਂਦੀਆਂ ਨੇ ਲੋਕਾਂ ਦੀਆ ਨਜ਼ਰਾਂ ਤੇ ਮਿਰਚਾਂ ਜਾਂ ਕਾਲੇ ਟਿੱਕੇ ਇਹਦੀ ਰਾਖੀ ਨਹੀ ਕਰਨਗੇ ਤਾਂ ਇਹਦੀ ਤੰਦਰੁਸਤੀ ਲਈ ਆਵਦੀ ਜਾਨ ਵਾਰਨ ਵਾਲਾ ਸੌਦਾ ਵੀ ਮਹਿੰਗਾ ਨ੍ਹੀ ਫਿਰ ਤਾਂ।
ਸ਼ਾਲਾ ਖੈਰ ਕਰੀਂ। ਸ਼ੱਬਾ ਖੈਰ ਕਰੀਂ।

-
ਦੀਪ ਬਰਾੜ , ਲੇਖਕ
******
8847530513
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.