ਚੰਡੀਗੜ੍ਹ, 1 ਜੁਲਾਈ 2020 - ਆਲ ਇੰਡੀਆ ਸਿੱਖ ਸਟੂਡੈਟਸ ਫੈਡਰਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸੀਨੀਅਰ ਅਕਾਲੀ ਲੀਡਰ ਸਰਬਜੀਤ ਸਿੰਘ ਜੰਮੂ ਨੇ ਜਾਰੀ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ-ਵੱਡੇ ਅਹੁਦੇਦਾਰਾਂ ਵਲੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪਾਂ ਨੂੰ ਤਰੱਕੀਆਂ ਲੈਣ ਤੇ ਚਾਪਲੂਸੀ ਵਾਲੀ ਸੋਚ ਸਦਕਾ ਚੋਰ ਰਸਤੇ ਰਾਹੀਂ ਬਾਦਲਾਂ ਦੇ ਜੁਬਾਨੀ ਹੁਕਮ ਮੰਨਦੇ ਹੋਏ ਸਿੱਖ ਦੁਸ਼ਮਨ ਤਾਕਤਾਂ ਦੇ ਹੱਥਾਂ ਤੱਕ ਪਹੁੰਚਾਉਣ ਤੇ ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ ਨੂੰ ਦਬਾਉਣ ਦੇ ਦੋਸ਼ਾ ਨੂੰ ਦੇਖਦੇ ਹੋਏ ਆਪ ਹੀ ਅਪਣੇ ਉੱਚ ਅਹੁਦਿਆਂ ਤੋਂ ਅਸਤੀਫੇ ਦੇ ਦੇਣੇ ਚਾਹੀਦੇ ਹਨ ਕਿਉਕਿ ਉਹਨਾਂ ਦਾ ਗਿਰਿਆ ਹੋਇਆ ਘਟੀਆ ਇਖ਼ਲਾਕ ਸਿੱਖ ਕੌਮ ਸਾਹਮਣੇ ਆ ਚੁੱਕਾ ਹੈ। ਇਸ ਘਟਨਾ ਨੇ ਸਿੱਖ ਕੌਮ ਨੂੰ ਇੱਕ ਵਾਰ ਫਿਰ ਝੰਜੋੜ ਕੇ ਰੱਖ ਦਿੱਤਾ ਹੈ ਤੇ ਕੌਮ ਅੰਦਰ ਦਿਨ-ਬ-ਦਿਨ ਗੁੱਸਾ ਵਧਦਾ ਜਾ ਰਿਹਾ ਹੈ। ਉਹਨਾਂ ਕਿਹਾ ਸ੍ਰੋਮਣੀ ਕਮੇਟੀ ਸਪੱਸ਼ਟ ਕਰੇ ਇਹ ਸਰੂਪ ਕਿੱਥੇ ਤੇ ਕਿਸ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ 'ਤੇ ਭੇਜੇ ਗਏ ?
ਫੈਡਰਸ਼ਨ/ ਅਕਾਲੀ ਲੀਡਰਾਂ ਨੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ 267 ਸਰੂਪਾਂ ਵਿਚੋਂ ਜਿਆਦਾਤਰ ਸਰੂਪ ਡੇਰਾ ਸੱਚਾ ਸੌਦਾ ਦੇ ਪੈਰੌਕਾਰਾਂ ਨੂੰ ਬਾਦਲਾਂ ਦੇ ਇਸ਼ਾਰੇ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵਲੋਂ ਬਿਨਾਂ ਭੇਟਾ 'ਤੇ ਬਿਨਾਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਸਿਫਾਰਸ਼ ਤੋਂ ਬਗੈਰ ਪਹੁੰਚਾਏ ਗਏ ਹਨ। ਜਦ ਕਿ ਸੰਬੰਧਤ ਸ਼੍ਰੋਮਣੀ ਕਮੇਟੀ ਮੈਂਬਰ ਦੀ ਸਿਫਾਰਸ਼ ਅਤਿ ਲਾਜ਼ਮੀ ਹੁੰਦੀ ਹੈ। ਇਹ ਸਰੂਪ ਗ਼ਾਇਬ ਵੀ ਉਸ ਸਮੇਂ ਹੋਏ ਹਨ ਜਦੋਂ ਬੁਰਜ ਜਵਾਹਰ ਸਿੰਘ ਵਾਲਾ ,ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ। ਉਸ ਸਮੇਂ ਇਹਨਾਂ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਸਮੇਂ ਬਾਦਲ ਅਕਾਲੀ ਦਲ ਦੇ ਵੱਡੇ-ਵੱਡੇ ਲੀਡਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਂਤ ਕੋਈ ਵੀ ਸ਼੍ਰੋਮਣੀ ਕਮੇਟੀ ਅਧਿਕਾਰੀ ਬੇਅਦਬੀ ਵਾਲੀਆਂ ਥਾਂਵਾਂ ਤੇ ਨਹੀਂ ਪਹੁੰਚੇ ਸਨ ।
ਫੈਡਰਸ਼ਨ/ਅਕਾਲੀ ਲੀਡਰਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋ ਤਾਂ ਫੌਰਨ ਉਹਨਾ ਸਾਰੇ ਵੱਡੇ ਛੋਟੇ ਅਧਿਕਾਰੀਆਂ ਨੂੰ ਸਸਪੈਂਡ ਕਰੋ ਜਿਨਾਂ ਇਸ ਘਟਨਾ ਨੂੰ ਲੁਕੋਇਆ ਅਤੇ ਜੋ ਉਸ ਵਕਤ ਮੌਕੇ ਤੇ ਪੁੱਜੇ ਵੀ ਸਨ ਜਿਨਾਂ ਦੀ ਜਾਣਕਾਰੀ ਕੰਵਲਜੀਤ ਸਿੰਘ ਸਾਬਕਾ ਸੁਪਰਵੀਜਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਨੇ ਆਪਣੀ ਦਰਖਾਸਤ ਵਿਚ ਪੁਲਿਸ ਨੂੰ ਦਿੱਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੌਬਿੰਦ ਸਿੰਘ ਲੋਂਗੋਵਾਲ ਨੂੰ ਬਾਦਲਾਂ ਦੇ ਦਬਾਉ ਤੋਂ ਰਹਿਤ ਹੋ ਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਵਿਰੁੱਧ ਉੱਚ ਪੱਧਰੀ ਜਾਂਚ ਕਰਵਾ ਕੇ ਨੌਕਰੀ ਤੋਂ ਬਰਖਾਸਤ ਕਰਕੇ ਸ਼੍ਰੋਮਣੀ ਕਮੇਟੀ ਤੋਂ ਬਾਹਰ ਕਰਕੇ ਇਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਨੂੰ ਸਿਫਾਰਸ਼ ਕਰਨੀ ਚਾਹੀਦੀ ਹੈ ।
ਫੈਡਰਸ਼ਨ/ਅਕਾਲੀ ਆਗੂਆਂ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਗਰ ਇਸ ਘਿਣਾਉਣੀ ਘਟਨਾ ਨੂੰ ਉਜਾਗਰ ਕਰਨ ਵਾਲੇ ਤੇ ਪੁਲਿਸ ਨੂੰ ਸ਼ਿਕਾਇਤ ਕਰਨ ਵਾਲੇਕੰਵਲਜੀਤ ਸਿੰਘ ਸਾਬਕਾ ਸੁਪਰਵਾਈਜਰ ਪਬਲਿਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਖਿਲਾਫ ਕੋਈ ਵੀ ਝੂਠਾ ਪੁਲਿਸ ਕੇਸ ਰਜਿਸਟਰ ਕੀਤਾ ਗਿਆ ਤਾਂ ਸਮਝਿਆ ਜਾਵੇਗਾ ਇਸ ਮਾਮਲੇ ਵਿੱਚ ਸਰਕਾਰਾਂ ਵੀ ਭਾਈਵਾਲ ਹਨ ,ਅਗਰ ਉਸ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਸਾਰੀ ਜੁੰਮੇਵਾਰੀ ਬਾਦਲ ਪਰਿਵਾਰ ਦੀ ਹੋਵੇਗੀ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰਸ਼ਨ ਇਸ ਘਟਨਾ ਨੂੰ ਇੰਨਸਾਫ਼ ਦੇ ਮੁਕਾਮ ਤੱਕ ਪਹੁੰਚਾ ਕੇ ਹੀ ਸਾਹ ਲਵੇਗੀ।