ਸੂਰਤ, 21 ਫਰਵਰੀ 2020 - ਗੁਜਰਾਤ ਦੇ ਸੂਰਤ 'ਚ ਨੌਕਰੀ ਦੇ ਨਾਂਅ 'ਤੇ ਔਰਤਾਂ ਨੂੰ ਨੰਗਾ ਕਰਕੇ ਉਨ੍ਹਾਂ ਦਾ ਟੈਸਟ ਲੈਣ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ। ਇਹ ਹੀ ਨਹੀਂ ਉਨ੍ਹਾਂ ਦੇ ਕੱਪੜਾਂ ਲਹਾ ਕੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਬੇ-ਤੁਕੇ ਨਿੱਜੀ ਸਵਾਲ ਵੀ ਪੁੱਛੇ ਗਏ।
ਹਿੰਦੁਸਤਾਨ ਟਾਈਮਸ ਦੀ ਖਬਰ ਮੁਤਾਬਿਕ ਨਗਰ ਨਿਗਮ (ਐਸਐਮਸੀ) ਵੱਲੋਂ ਚਲਾਏ ਜਾ ਰਹੇ ਇੱਕ ਹਸਪਤਾਲ 'ਚ ਮਹਿਲਾ ਟ੍ਰੇਨੀ ਕਲਰਕਾਂ ਨੂੰ ਮੈਡੀਕਲ ਫਿਟਨੈਸ ਲਈ ਕੱਪੜੇ ਉਤਾਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਗਲਤ ਹਰਕਤਾਂ ਵੀ ਕੀਤੀਆਂ ਗਈਆਂ। ਹੋਰ ਤਾਂ ਹੋਰ ਔਰਤਾਂ ਦੇ ਗੁਪਤ ਅੰਗ 'ਚ ਫਿੰਗਰ ਪਾ ਕੇ ਵੀ ਟੈਸਟ ਕੀਤਾ ਗਿਆ।
ਸ਼ਿਕਾਇਤ ਮੁਤਾਬਿਕ ਔਰਤ ਮੁਲਾਜ਼ਮਾਂ ਨੂੰ ਇੱਕ ਕਮਰੇ 'ਚ 10-10 ਦੇ ਗਰੁੱਪਾਂ 'ਚ ਵੰਡ ਕੇ ਨੰਗਾ ਖੜ੍ਹਾ ਹੋਣ ਲਈ ਕਿਹਾ ਗਿਆ ਸੀ। ਕਮਰੇ ਦਾ ਦਰਵਾਜ਼ਾ ਵੀ ਬੰਦ ਨਹੀਂ ਕੀਤਾ ਗਿਆ ਸੀ। ਸਿਰਫ਼ ਪਰਦੇ ਲਗਾਏ ਗਏ ਸਨ ਤਾਂ ਕਿ ਬਾਹਰ ਦੇ ਲੋਕ ਅੰਦਰ ਨਾ ਵੇਖ ਸਕਣ। ਜਿਸ ਕਾਰਨ ਟੈਸਟ ਦੇਣ ਆਈਆਂ ਔਰਤਾਂ ਆਪਣੇ ਆਪਣ 'ਚ ਹੀ ਸ਼ਰਮ ਮਹਿਸੂਸ ਕਰ ਰਹੀਆਂ ਸਨ। ਜਿਸ ਤੋਂ ਬਾਅਦ ਮਾਮਲਾ ਵਧਣ 'ਤੇ ਅਧਿਕਾਰੀਆਂ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।