ਵਿਮੁਕਤ ਘੁਮੰਤੂ ਜਾਤੀ ਜਨਜਾਤੀ ਟਾਸਕ ਫੋਰਸ ਨੇ ਮਿਸ਼ਨ 2027 ਤਹਿਤ ਕਾਂਗਰਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਕੀਤਾ ਐਲਾਨ
ਆਪ ਸਰਕਾਰ ਵੱਲੋਂ DNT ਸਮਾਜ ਦੀ ਜਨਗਣਨਾ ਨਾ ਕਰਵਾਉਣਾ ਇਸ ਭਾਈਚਾਰੇ ਨਾਲ ਵੱਡਾ ਧੱਕਾ: ਲੱਖਾ ਰਾਮ ਲਾਲਕਾ
ਮੋਦੀ ਸਰਕਾਰ ਨੇ ਵੋਟ ਚੋਰੀ ਕਰਕੇ ਦੇਸ਼ ਦੇ ਲੋਕਤੰਤਰੀ ਢਾਂਚੇ ਨਾਲ ਖਿਲਵਾੜ ਕੀਤਾ, ਦੇਸ਼ ਨਾਲ ਕੀਤੀ ਗੱਦਾਰੀ: ਅਸ਼ੋਕ ਬਰਤੀਆ
ਚੰਡੀਗੜ੍ਹ: ਅੱਜ ਸੈਕਟਰ-27 ਸਥਿਤ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਵਿਮੁਕਤ ਘੁਮੰਤੂ ਜਾਤੀ ਜਨਜਾਤੀ ਟਾਸਕ ਫੋਰਸ (ਡੀ-ਨੋਟੀਫਾਈਡ ਟਾਸਕ ਫੋਰਸ) ਪੰਜਾਬ ਦੇ ਅਨੁਸੂਚਿਤ ਜਾਤੀ ਵਿਭਾਗ ਦੀ ਪ੍ਰੈੱਸ ਕਾਨਫਰੰਸ ਸੂਬਾ ਚੇਅਰਮੈਨ ਲੱਖਾ ਰਾਮ ਲਾਲਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਨੁਸੂਚਿਤ ਜਾਤੀ ਵਿਭਾਗ ਦੇ ਕੌਮੀ ਕੋਆਰਡੀਨੇਟਰ ਅਤੇ ਪੰਜਾਬ ਵਿਮੁਕਤ ਘੁਮੰਤੂ ਜਾਤੀ ਜਨਜਾਤੀ ਟਾਸਕ ਫੋਰਸ ਦੇ ਇੰਚਾਰਜ ਅਸ਼ੋਕ ਬਰਤੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਡੀਐਨਟੀ ਟਾਸਕ ਫੋਰਸ ਦੇ ਵਰਕਿੰਗ ਚੇਅਰਮੈਨ ਸੁਰਿੰਦਰ ਕੁਮਾਰ ਬਿੱਲਾ ਅਤੇ ਮੇਵਾ ਸਿੰਘ ਚੌਹਾਨ, ਜਨਰਲ ਸਕੱਤਰ ਸੇਵਾ ਵੜਿਆਲ, ਬਲਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਸਵਰਨ ਲਾਲ ਜਲੰਧਰ, ਵਿਪਿਨ ਕੁਮਾਰ ਫਾਜ਼ਿਲਕਾ, ਸਤਪਾਲ ਬਨੂੜ ਜਨਰਲ ਸਕੱਤਰ, ਜਤਿੰਦਰ ਜੋਤੀ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਪਾਲਾ ਰਾਮ ਜ਼ਿਲ੍ਹਾ ਚੇਅਰਮੈਨ ਬਠਿੰਡਾ, ਅਚਨ ਸਿੰਘ ਚੇਅਰਮੈਨ ਅੰਮ੍ਰਿਤਸਰ, ਜਸਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ, ਗੁਰਸੇਵਕ ਸਿੰਘ ਜੈਤੋ, ਸੁਰਜੀਤ ਸਿੰਘ ਭਗਤਪੁਰਾ ਬਰਨਾਲਾ, ਲਛਮਣ ਦਾਸ ਲਖੀਆ ਮਾਨਸਾ, ਸੀਮਾ ਦੇਵੀ ਵਾਈਸ ਚੇਅਰਮੈਨ ਮੋਹਾਲੀ, ਨਾਰੋ ਦੇਵੀ, ਵਿਮਲਾ ਦੇਵੀ, ਮੁਕੇਸ਼ ਜੌਹਰੀ ਸਾਂਸੀ ਲੁਧਿਆਣਾ, ਅਮਰ ਸਿੰਘ ਪਟਿਆਲਾ, ਪਰਮਜੀਤ ਸਿੰਘ ਰਿੰਕਾ ਪਠਾਨਕੋਟ, ਮਲਕੀਤ ਸਿੰਘ ਬੁੱਢਾ ਮੰਡੀ ਬਠਿੰਡਾ, ਐਡਵੋਕੇਟ ਮਨਪ੍ਰੀਤ ਲੱਕੀ ਜਲੰਧਰ, ਬਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰ, ਅਮਰੀਕ ਰਾਮ ਸਕੱਤਰ ਅੰਮ੍ਰਿਤਸਰ ਅਤੇ ਸੁਰਿੰਦਰ ਸਿੰਘ ਸਰਪੰਚ ਜ਼ਿਲ੍ਹਾ ਚੇਅਰਮੈਨ ਮੀਠਾਪੁਰ ਗੁਰਦਾਸਪੁਰ ਸਮੇਤ ਮੱਸਾ ਸਿੰਘ ਸਰਪੰਚ ਗੁਰਦਾਸਪੁਰ ਵੀ ਹਾਜ਼ਰ ਸਨ।
ਲੱਖਾ ਰਾਮ ਲਾਲਕਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮਿਸ਼ਨ 2027 ਦੀ ਸ਼ੁਰੂਆਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਡੀਐਨਟੀ ਟਾਸਕ ਫੋਰਸ ਅਹਿਮ ਭੂਮਿਕਾ ਨਿਭਾਏਗੀ।
ਲਾਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੀਐਨਟੀ ਸਮਾਜ ਦੀ ਜਨਗਣਨਾ ਨਾ ਕਰਵਾਉਣਾ ਇਸ ਭਾਈਚਾਰੇ ਨਾਲ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਐਸਆਈਆਰ (SIR) ਦੀ ਤਲਵਾਰ ਵੀ ਘੁਮੰਤੂ ਜਾਤੀਆਂ ਦੇ ਸਿਰ 'ਤੇ ਲਟਕ ਰਹੀ ਹੈ, ਜਿਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ। ਸੂਬਾ ਸਰਕਾਰ ਇਨ੍ਹਾਂ ਖ਼ਿਲਾਫ਼ ਜੰਗੀ ਪੱਧਰ 'ਤੇ ਮੁਹਿੰਮ ਚਲਾਉਣ ਅਤੇ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਦਾਅਵੇ ਤਾਂ ਕਰ ਰਹੀ ਹੈ, ਪਰ ਇਨ੍ਹਾਂ 'ਤੇ ਕਾਬੂ ਪਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਡੀਐਨਟੀ ਟਾਸਕ ਫੋਰਸ ਨੇ ਸੂਬਾ ਸਰਕਾਰ ਦੀ ਇਸ ਨਾਕਾਮੀ ਦੀ ਸਖ਼ਤ ਨਿੰਦਾ ਕੀਤੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਵਿਮੁਕਤ ਘੁਮੰਤੂ ਜਾਤੀ ਜਨਜਾਤੀ ਭਾਈਚਾਰੇ ਦੇ ਬੱਚਿਆਂ ਲਈ ਪ੍ਰਾਇਮਰੀ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਮੁਫ਼ਤ ਸਿੱਖਿਆ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਭਾਈਚਾਰਾ ਆਰਥਿਕ ਪੱਖੋਂ ਦੂਜੇ ਭਾਈਚਾਰਿਆਂ ਦੇ ਮੁਕਾਬਲੇ ਕਾਫ਼ੀ ਪਛੜਿਆ ਹੋਇਆ ਅਤੇ ਕਮਜ਼ੋਰ ਹੈ। ਇਸ ਲਈ ਇਸ ਸਮਾਜ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣਾ ਉਨ੍ਹਾਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਸ਼ਾਮਲ ਹੈ।
ਅਸ਼ੋਕ ਬਰਤੀਆ ਨੇ ਕਿਹਾ ਕਿ ਅੱਜ ਪੂਰੇ ਦੇਸ਼ ਦਾ ਵਾਂਝਾ, ਪਛੜਿਆ, ਦਲਿਤ, ਘੱਟ ਗਿਣਤੀ ਵਰਗ, ਨੌਜਵਾਨ, ਔਰਤਾਂ, ਕਿਸਾਨ ਅਤੇ ਵਪਾਰੀ ਵਰਗ ਪੂਰੀ ਆਸ ਨਾਲ ਨਿਆਂ ਯੋਧਾ ਰਾਹੁਲ ਗਾਂਧੀ ਵੱਲ ਦੇਖ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਮੋਦੀ ਸਰਕਾਰ ਨੇ ਵੋਟ ਚੋਰੀ ਕਰਕੇ ਦੇਸ਼ ਦੇ ਲੋਕਤੰਤਰੀ ਢਾਂਚੇ ਨਾਲ ਖਿਲਵਾੜ ਕੀਤਾ ਹੈ ਅਤੇ ਦੇਸ਼ ਨਾਲ ਗੱਦਾਰੀ ਕੀਤੀ ਹੈ।
ਬਰਤੀਆ ਨੇ ਕਿਹਾ ਕਿ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਹਟਾ ਕੇ ਜੇਲ੍ਹ ਵਿੱਚ ਡੱਕ ਦੇਣਾ ਚਾਹੀਦਾ ਹੈ। ਉਨ੍ਹਾਂ ਟਾਸਕ ਫੋਰਸ ਦੇ ਸਾਰੇ ਅਹੁਦੇਦਾਰਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਅਤੇ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਈਚਾਰੇ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰਕੇ ਉਨ੍ਹਾਂ 'ਤੇ ਕੰਮ ਕੀਤਾ ਜਾਵੇਗਾ। ਇਸ ਸਬੰਧੀ ਜਲਦ ਹੀ ਇੱਕ ਵਫ਼ਦ ਕਾਂਗਰਸ ਹਾਈਕਮਾਂਡ ਨਾਲ ਮੁਲਾਕਾਤ ਕਰਕੇ ਆਪਣੀਆਂ ਬੁਨਿਆਦੀ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕਰੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਵਾਂਝੇ ਵਰਗਾਂ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਨੂੰ ਬੰਦ ਕਰਨ ਦਾ ਜਵਾਬ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੋਣਾਂ ਵਿੱਚ ਵੋਟ ਦੀ ਸੱਟ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦਾ ਸੁਪਨਾ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ, ਕਿਸਾਨ ਖੁਸ਼ਹਾਲ ਹੋਣ, ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਔਰਤਾਂ ਦਾ ਸਨਮਾਨ ਹੋਵੇ ਅਤੇ ਸਮਾਜ ਵਿੱਚ ਭਾਈਚਾਰਕ ਸਾਂਝ ਕਾਇਮ ਰਹੇ।
ਅੰਤ ਵਿੱਚ ਲੱਖਾ ਰਾਮ ਲਾਲਕਾ ਨੇ ਮੰਗ ਕੀਤੀ ਕਿ ਡੀਐਨਟੀ ਟਾਸਕ ਫੋਰਸ ਦੇ ਇੱਕ ਮੈਂਬਰ ਨੂੰ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਭਾਈਚਾਰੇ ਦਾ ਕੋਈ ਮੈਂਬਰ ਚੋਣ ਲੜਨਾ ਚਾਹੁੰਦਾ ਹੈ ਤਾਂ ਸਰਵੇਖਣ ਦੇ ਆਧਾਰ 'ਤੇ ਉਸ ਨੂੰ ਟਿਕਟ ਵੀ ਦਿੱਤੀ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਉਨ੍ਹਾਂ ਦੀਆਂ ਜਥੇਬੰਦਕ ਇਕਾਈਆਂ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਪੂਰੀ ਤਰ੍ਹਾਂ ਸਰਗਰਮ ਹਨ। ਹਰ ਹਲਕੇ ਵਿੱਚ ਉਨ੍ਹਾਂ ਦੇ ਭਾਈਚਾਰੇ ਦੀਆਂ 10 ਹਜ਼ਾਰ ਤੋਂ 14 ਹਜ਼ਾਰ ਤੱਕ ਵੋਟਾਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ 'ਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੇ ਭਾਈਚਾਰੇ ਦੀਆਂ ਮੰਗਾਂ ਅਤੇ ਹਿੱਤਾਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।
- Download Babushahi App
-
-