ਸੇਂਟ ਕਬੀਰ ਪਬਲਿਕ ਸਕੂਲ ਵਿੱਚ ਪੰਜਾਬ ਦਿਵਸ ਮੌਕੇ 'ਤੇ ਸੱਭਿਆਚਾਰਕ ਸਾਂਝ ਪਾਈ ਗਈ
ਰੋਹਿਤ ਗੁਪਤਾ
ਗੁਰਦਾਸਪੁਰ 2 ਨਵੰਬਰ 2026 :
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ- (ਗੁਰਦਾਸਪੁਰ) ਵਿੱਚ ਪੰਜਾਬ ਦਿਵਸ ਬਹੁਤ ਹੀ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਦੀ ਸਰਪ੍ਰਸਤੀ ਹੇਠ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਸੱਤਵੀਂ ਜਮਾਤ ਦੀ ਵਿਦਿਆਰਥਣ ਮੰਨਨਦੀਪ ਕੌਰ ਦੁਆਰਾ ਸਟੇਜੀ ਕਾਰਵਾਈ ਦੀ ਸ਼ੁਰੂਆਤ ਕਰਦੇ ਹੋਏ ਪੰਜਾਬੀ ਤੇ ਪੰਜਾਬ ਦੀ ਵਿਸ਼ਾਲਤਾ ਨੂੰ ਦਰਸਾਉਂਦੇ ਹੋਏ ਵਿਚਾਰਾਂ ਨਾਲ ਕੀਤੀ ਗਈ। ਇਸ ਦੇ ਨਾਲ ਹੀ ਨੌਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਪੰਜਾਬ ਦੇ ਇਤਿਹਾਸ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਮਾਂ ਬੋਲੀ ਪੰਜਾਬੀ ਦੀ ਮਿਠਾਸ ਦਾ ਜ਼ਿਕਰ ਸੱਤਵੀਂ ਜਮਾਤ ਦੇ ਵਿਦਿਆਰਥੀ ਗੁਰਅੰਮ੍ਰਿਤ ਸਿੰਘ ਨੇ ਆਪਣੀ ਕਵਿਤਾ ਰਾਹੀਂ ਕੀਤਾ। ਪੰਜਾਬ ਦੀ ਪਵਿੱਤਰਤਾ ਰੰਗੀਲੇਪਨ ਤੇ ਲੋਕਾਂ ਦੇ ਦ੍ਰਿੜ ਸੁਭਾਅ ਨੂੰ ਦਰਸਾਉਂਦੇ ਗਰੁੱਪ ਗੀਤਾਂ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ ਵਿੱਚ ਸਕਾਰਾਤਮਕ ਸੋਚ ਨੂੰ ਭਰਿਆ। ਪ੍ਰੋਗਰਾਮ ਦੇ ਅੰਤਿਮ ਪੜਾਅ ਵਿੱਚ ਛੇਵੀਂ ਜਮਾਤ ਦੇ ਵਿਦਿਆਰਥੀ 'ਸੋਰਯਨ' ਨੇ ਆਪਣੀ ਸੱਭਿਆਚਾਰਕ ਪੇਸ਼ਕਾਰੀ ਨਾਲ ਪੰਜਾਬੀਆਂ ਦੇ ਰੋਹਬ ਤੇ ਅਣਖੀਲੇ ਸੁਭਾਅ ਨੂੰ ਪ੍ਰਗਟਾਇਆ। ਸਮੁੱਚੇ ਰੂਪ ਵਿੱਚ ਪੰਜਾਬ ਦਿਵਸ ਦੇ ਮੌਕੇ ਸਕੂਲ ਵਿੱਚ ਖੁਸ਼ਨੁਮਾ ਮਾਹੌਲ ਬਣਿਆ। ਇਸ ਦੌਰਾਨ ਸਕੂਲ ਪ੍ਰਿੰਸੀਪਲ ਜੀ ਅਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਅਤੇ ਕੁਲਦੀਪ ਕੌਰ ਜੀ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੰਜਾਬ ਦਿਵਸ ਲਈ ਮੁਬਾਰਕਬਾਦ ਦਿੱਤੀ। ਵਿਦਿਆਰਥੀਆਂ ਨੂੰ ਹਮੇਸ਼ਾ ਆਪਣੀ ਮਿੱਟੀ ਨਾਲ ਜੁੜੇ ਰਹਿਣ ਅਤੇ ਸੱਭਿਆਚਾਰ ਸਾਂਭੀ ਰੱਖਣ ਦਾ ਸੰਦੇਸ਼ ਵੀ ਦਿੱਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਸਮੇਤ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-