ਗੁਰਦੁਆਰਾ ਗੋਪਾਲਸਰ ਸਾਹਿਬ ਗਗੜਾ ਵਿਖੇ ਫਾਇਰਿੰਗ ਮਾਮਲਾ: ਗੁਰੂ ਘਰ ਦੇ ਮੁੱਖ ਸੇਵਾਦਾਰ ਨੇ ਪੁਲਿਸ ਸੁਰੱਖਿਆ ਲੈਣ ਲਈ ਖੁਦ ਚਲਵਾਈਆਂ ਸਨ ਗੋਲੀਆਂ
ਜਗਰਾਓਂ ( ਦੀਪਕ ਜੈਨ): ਲੁਧਿਆਣਾ ਦਿਹਾਤੀ ਪੁਲਿਸ ਨੇ ਪਿੰਡ ਗਗੜਾ ਵਿਖੇ ਗੁਰਦੁਆਰਾ ਗੋਪਾਲਸਰ ਸਾਹਿਬ ਦੇ ਬਾਹਰ ਹੋਈ ਫਾਇਰਿੰਗ ਦੀ ਸਨਸਨੀਖੇਜ਼ ਘਟਨਾ ਨੂੰ ਮਹਿਜ਼ 48 ਘੰਟਿਆਂ ਦੇ ਅੰਦਰ ਟਰੇਸ ਕਰਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਵੱਲੋਂ ਪੁਲਿਸ ਸੁਰੱਖਿਆ ਹਾਸਲ ਕਰਨ ਦੇ ਮਕਸਦ ਨਾਲ ਕਥਿਤ ਤੌਰ 'ਤੇ ਇਹ ਸਾਜ਼ਿਸ਼ ਰਚੀ ਗਈ ਸੀ।ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ, ਆਈ.ਪੀ.ਐੱਸ. ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 26-27 ਅਕਤੂਬਰ 2026 ਦੀ ਦਰਮਿਆਨੀ ਰਾਤ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਮੂੰਹ ਢੱਕ ਕੇ ਗੁਰਦੁਆਰਾ ਗੋਪਾਲਸਰ ਸਾਹਿਬ, ਪਿੰਡ ਗਗੜਾ ਦੇ ਬਾਹਰ ਦੋ ਫਾਇਰ ਕੀਤੇ ਗਏ ਸਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ 'ਤੇ ਇੱਕ ਧਮਕੀ ਭਰਿਆ ਪੱਤਰ ਵੀ ਸੁੱਟਿਆ ਗਿਆ ਸੀ, ਜਿਸ ਵਿੱਚ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਨੂੰ ਧਮਕੀ ਦਿੱਤੀ ਗਈ ਸੀ।
ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. ਰਾਜਨ ਸ਼ਰਮਾ, ਕਪਤਾਨ ਪੁਲਿਸ (ਡੀ), ਡੀ.ਐੱਸ.ਪੀ. ਜਗਰਾਉਂ ਜਸਵਿੰਦਰ ਸਿੰਘ ਢੀਂਡਸਾਅਤੇ ਡੀ.ਐੱਸ.ਪੀ. (ਡੀ) ਸਾਗਰ ਬਨਾਲ ਦੀ ਅਗਵਾਈ ਹੇਠ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਜਗਰਾਉਂ ਅਤੇ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਜਗਰਾਉਂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਤਕਨੀਕੀ ਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਲਗਾਤਾਰ ਜਾਂਚ ਕਰਦਿਆਂ ਦੋ ਦਿਨਾਂ ਵਿੱਚ ਮਾਮਲਾ ਸੁਲਝਾ ਲਿਆ।ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਬਾਬਾ ਅਮਰਜੀਤ ਸਿੰਘ ਦਾ ਕਰੀਬੀ ਰਹਿ ਚੁੱਕਾ ਹੈ ਮੁਲਜ਼ਮ
ਪੁਲਿਸ ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਬਾਬਾ ਅਮਰਜੀਤ ਸਿੰਘ ਦਾ ਸ਼ਰਧਾਲੂ ਸੀ ਅਤੇ ਗੁਰਦੁਆਰਾ ਗੋਪਾਲਸਰ ਸਾਹਿਬ ਵਿਖੇ ਹੀ ਰਹਿੰਦਾ ਸੀ। ਕਰੀਬ ਇੱਕ ਸਾਲ ਪਹਿਲਾਂ ਉਹ ਆਪਣੇ ਪਿੰਡ ਵਾਪਸ ਚਲਾ ਗਿਆ ਸੀ। ਮੁਲਜ਼ਮ ਨੇ ਕਥਿਤ ਤੌਰ 'ਤੇ ਖੁਲਾਸਾ ਕੀਤਾ ਕਿ ਬਾਬਾ ਅਮਰਜੀਤ ਸਿੰਘ ਦੇ ਕਹਿਣ 'ਤੇ ਪੁਲਿਸ ਸੁਰੱਖਿਆ ਹਾਸਲ ਕਰਨ ਲਈ ਫਾਇਰਿੰਗ ਦੀ ਇਹ ਘਟਨਾ ਪਹਿਲਾਂ ਤੋਂ ਰਚੀ ਗਈ ਸਾਜ਼ਿਸ਼ ਤਹਿਤ ਅੰਜਾਮ ਦਿੱਤੀ ਗਈ ਸੀ।ਉਸ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਉਹ ਆਪਣੀ ਡਿਸਕਵਰ ਮੋਟਰਸਾਈਕਲ 'ਤੇ ਇਕੱਲਾ ਸਵਾਰ ਹੋ ਕੇ ਮੌਕੇ 'ਤੇ ਪਹੁੰਚਿਆ ਸੀ। ਆਪਣੀ ਪਛਾਣ ਲੁਕਾਉਣ ਲਈ ਉਸ ਨੇ ਸਿਰ 'ਤੇ ਪਰਨਾ ਬੰਨ੍ਹਿਆ ਅਤੇ ਮੂੰਹ ਕੱਪੜੇ ਨਾਲ ਢੱਕਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਫਾਇਰ ਕੀਤੇ ਅਤੇ ਵਾਪਸ ਆਪਣੇ ਪਿੰਡ ਚਲਾ ਗਿਆ।
ਦੇਸੀ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ
ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਉਸ ਨੇ ਕਰੀਬ ਛੇ ਮਹੀਨੇ ਪਹਿਲਾਂ ਇਲਾਹਾਬਾਦ, ਮਿਰਜ਼ਾਪੁਰ ਦੇ ਨੇੜਲੇ ਇਲਾਕੇ ਤੋਂ ਇੱਕ ਦੇਸੀ .32 ਬੋਰ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਖਰੀਦੇ ਸਨ। ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਦੌਰਾਨ ਵਰਤਿਆ ਗਿਆ ਦੇਸੀ .32 ਬੋਰ ਪਿਸਤੌਲ, ਮੈਗਜ਼ੀਨ ਅਤੇ ਉਸ ਦਾ ਡਿਸਕਵਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਸੰਦੀਪ ਸਿੰਘ ਉਰਫ਼ ਸੋਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਕੇ ਧਮਕੀ ਭਰੇ ਪੱਤਰ ਅਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ, ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸੇ ਵੀ ਵਿਅਕਤੀ ਨੂੰ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
- Download Babushahi App
-
-