ਨਗਰ ਨਿਗਮ ਬਠਿੰਡਾ ਦੀ ਬਿਲਡਿੰਗ ਬਰਾਂਚ ਦੀ ਕਾਰਗੁਜ਼ਾਰੀ ਸਬੰਧੀ ਵਿਜੀਲੈਂਸ ਜਾਂਚ ਦੀ ਮੰਗ
ਸੰਦੀਪ ਪਾਠਕ ਨੇ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਨੂੰ ਸ਼ਿਕਾਇਤ ਭੇਜੀ
ਅਸ਼ੋਕ ਵਰਮਾ
ਬਠਿੰਡਾ, 30 ਅਕਤੂਬਰ 2026: ਸ਼ਹਿਰ ਵਿੱਚ ਅਕਸਰ ਚਰਚਾ ਦਾ ਵਿਸ਼ਾ ਰਹਿਣ ਵਾਲੀ ਨਗਰ ਨਿਗਮ ਬਠਿੰਡਾ ਦੀ ਬਿਲਡਿੰਗ ਬਰਾਂਚ ਦੀ ਕਾਰਜਪ੍ਰਣਾਲੀ, ਕਥਿਤ ਨਾਜਾਇਜ਼ ਉਸਾਰੀਆਂ ਅਤੇ ਇਮਾਰਤਾਂ ਨੂੰ ਚੋਣਵੇਂ - ਤੌਰ 'ਤੇ ਨੋਟਿਸ ਜਾਰੀ ਕਰਨ ਦੇ ਮਾਮਲੇ ਨੂੰ ਲੈ ਕੇ ਸੰਦੀਪ ਪਾਠਕ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਨੂੰ ਸ਼ਿਕਾਇਤ ਭੇਜੀ ਹੈ। ਪਾਠਕ ਨੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਵਾਉਣ ਅਤੇ ਅਪਰਾਧ ਸਾਹਮਣੇ ਆਉਣ 'ਤੇ ਕਾਨੂੰਨ ਅਨੁਸਾਰ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤ ਅਨੁਸਾਰ, 1 ਅਕਤੂਬਰ 2025 ਤੋਂ - 27 ਅਕਤੂਬਰ 2026 ਤੱਕ ਨਗਰ ਨਿਗਮ ਦੇ ਅਧਿਕਾਰ ਖੇਤਰ ਵਿਚ ਬਣੀਆਂ 200 ਤੋਂ ਵੱਧ ਇਮਾਰਤਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਵਿਚ ਬਿਨਾਂ ਮਨਜ਼ੂਰਸ਼ੁਦਾ ਨਕਸ਼ੇ ਤੋਂ ਉਸਾਰੀਆਂ, ਮਨਜ਼ੂਰਸ਼ੁਦਾ ਨਕਸ਼ੇ ਦੇ ਉਲਟ ਨਿਰਮਾਣ ਅਤੇ ਇਮਾਰਤੀ ਨਿਯਮਾਂ ਦੀ ਕਥਿਤ ਉਲੰਘਣਾ ਦੇ ਮਾਮਲੇ ਸ਼ਾਮਲ ਹਨ। ਸੰਦੀਪ ਪਾਠਕ ਅਨੁਸਾਰ ਸ਼ਹਿਰ ਦੀ ਮਾਨਸਾ ਰੋਡ, ਗੋਨਿਆਣਾ ਰੋਡ, ਬਰਨਾਲਾ ਬਾਈਪਾਸ, ਮਲੋਟ ਰੋਡ, ਮਾਡਲ ਟਾਊਨ, ਅਜੀਤ ਰੋਡ, ਬੀਬੀ ਵਾਲਾ ਰੋਡ, ਭੱਟੀ ਰੋਡ ਧੋਬੀ ਬਾਜ਼ਾਰ, ਬੈਂਕ ਬਾਜ਼ਾਰ ਅਤੇ ਮਾਲ ਰੋਡ ਸਮੇਤ ਹੋਰ ਇਲਾਕਿਆਂ ਦੀਆਂ ਇਮਾਰਤਾਂ ਦੀ ਜਾਂਚ ਕੀਤੀ ਜਾਵੇ ਤਾਂ ਕਈ ਗੁੱਝੇ ਭੇਦ ਸਾਹਮਣੇ ਆ ਸਕਦੇ ਹਨ। ਪਾਠਕ ਨੇ ਕਿਹਾ ਕਿ ਹਰੇਕ ਇਮਾਰਤ ਦਾ ਮੌਕੇ 'ਤੇ ਨਿਰੀਖਣ ਕਰਕੇ ਅਸਲ ਉਸਾਰੀ ਦੀ ਪ੍ਰਵਾਨਗੀ ਪ੍ਰਾਪਤ ਨਕਸ਼ਿਆਂ ਅਤੇ ਸਰਕਾਰੀ ਰਿਕਾਰਡ ਨਾਲ ਤੁਲਨਾ ਕੀਤੀ ਜਾਵੇ।
ਸੰਦੀਪ ਪਾਠਕ ਨੇ ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਦੀ ਕਥਿਤ ਭੂਮਿਕਾ, ਜਾਇਦਾਦਾਂ, ਬੈਂਕ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੀ ਕਾਨੂੰਨ ਅਨੁਸਾਰ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ, ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ, ਕਥਿਤ ਬੇਨਿਯਮੀਆਂ ਅਤੇ ਫਾਈਲਾਂ ਵਿਚ ਸੰਭਾਵਿਤ ਹੇਰਾਫੇਰੀ ਦੀ ਜਾਂਚ ਕਰਨ ਦੇ ਨਾਲ ਸਬੰਧਿਤ ਦਸਤਾਵੇਜ਼ ਅਤੇ ਇਲੈੱਕ-ਟ੍ਰਾਨਿਕ ਰਿਕਾਰਡ ਸੁਰੱਖਿਅਤ ਰੱਖਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ ਅਤੇ ਜੇਕਰ ਕਿਸੇ ਵੀ ਤਰਾਂ ਦੀ ਗ਼ੈਰ-ਕਾਨੂੰਨੀ ਕਾਰਵਾਈ ਸਾਬਤ ਹੁੰਦੀ ਹੈ ਤਾਂ ਸਬੰਧਿਤ ਵਿਅਕਤੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ।
- Download Babushahi App
-
-