ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾਇਆ, ਰੇਲਵੇ ਲਾਈਨ ’ਤੇ ਮਿਲੀ ਨੌਜਵਾਨ ਦੀ ਲਾਸ਼
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2026 :ਸਥਾਨਕ ਬਲਰਾਜ ਨਗਰ ਗਲੀ ਨੰਬਰ 1 ਵਿੱਚ ਪਟਿਆਲਾ ਰੇਲਵੇ ਲਾਈਨ ਦੇ ਨਾਲ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਜਾਂਚ ਕਰ ਰਹੀ ਹੈ ਪਰ ਮੁਢਲੇ ਤੌਰ ਤੇ ਸ਼ੱਕ ਕੀਤਾ ਜਾਂਦਾ ਹੈ ਕਿ ਨੌਜਵਾਨ ਨਸ਼ੇ ਕਾਰਨ ਮਾਰਿਆ ਗਿਆ ਹੈ। ਸਹਾਰਾ ਜਨ ਸੇਵਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਸਥਾ ਨੂੰ ਰੇਲਵੇ ਲਾਈਨ ਦੇ ਨਾਲ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਸਹਾਰਾ ਮੁੱਖ ਦਫ਼ਤਰ ਨੂੰ ਮਿਲੀ ਸੀ ਜਿਸ ਤੋਂ ਬਾਅਦ ਹੈਲਪਲਾਈਨ ਟੀਮ ਦੇ ਮੈਂਬਰ ਵਿਕੀ ਕੁਮਾਰ ਅਤੇ ਹਰਬੰਸ ਸਿੰਘ ਘਟਨਾ ਸਥਾਨ, ਬਲਰਾਜ ਨਗਰ ਪਟਿਆਲਾ ਰੇਲਵੇ ਲਾਈਨ ’ਤੇ ਪਹੁੰਚੇ ਸਨ।ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਨਾਲ ਕਥਿਤ ਤੌਰ ’ਤੇ ਦੋ ਹੋਰ ਨੌਜਵਾਨ ਵੀ ਸਨ, ਜੋ ਉੱਥੋਂ ਭੱਜ ਗਏ। ਸਹਾਰਾ ਟੀਮ ਨੇ ਸਬੰਧਤ ਥਾਣਾ ਜੀ.ਆਰ.ਪੀ. ਨੂੰ ਸੂਚਿਤ ਕੀਤਾ। ਜੀ.ਆਰ.ਪੀ. ਦੇ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਨੌਜਵਾਨ ਦੀ ਬਾਂਹ ’ਤੇ ਖੂਨ ਲੱਗਾ ਹੋਇਆ ਸੀ।
ਪਰਿਵਾਰਿਕ ਸੂਤਰਾਂ ਅਨੁਸਾਰ, ਮ੍ਰਿਤਕ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ 6 ਮਹੀਨੇ ਦਾ ਇਲਾਜ ਕਰਵਾ ਕੇ ਬਠਿੰਡਾ ਸਥਿਤ ਆਪਣੇ ਘਰ ਵਾਪਸ ਆਇਆ ਸੀ। ਦੱਸਿਆ ਜਾਂਦਾ ਹੈ ਕਿ ਕੁਝ ਨੌਜਵਾਨ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਨਸ਼ੇ ਦਾ ਸੇਵਨ ਕਰਵਾ ਦਿੱਤਾ।ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਪਰਿਵਾਰ ਬਹੁਤ ਗਰੀਬ ਹੈ। ਇਹ ਵੀ ਦੱਸਿਆ ਗਿਆ ਕਿ ਮ੍ਰਿਤਕ ਨੌਜਵਾਨ ਦੇ ਭਰਾ ਦੀ ਵੀ ਕੁਝ ਸਾਲ ਪਹਿਲਾਂ ਨਸ਼ੇ ਕਾਰਨ ਹੀ ਮੌਤ ਹੋ ਗਈ ਸੀ।ਥਾਣਾ ਜੀ.ਆਰ.ਪੀ. ਵੱਲੋਂ ਘਟਨਾ ਦੀ ਜਾਂਚ ਕੀਤੀ ਗਈ। ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਸਹਾਰਾ ਐਂਬੂਲੈਂਸ ਰਾਹੀਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖਤ ਬੌਬੀ ਸ਼ਰਮਾ ਪੁੱਤਰ ਭਾਸਕਰ ਸ਼ਰਮਾ, ਵਾਸੀ ਦੀਪ ਨਗਰ ਗਲੀ ਨੰਬਰ 5 ਵਜੋਂ ਹੋਈ।
- Download Babushahi App
-
-