ਜਾਤੀ ਸੂਚਕ ਸ਼ਬਦ ਬੋਲਣ ਵਾਲੇ ਸਰਪੰਚ ਖ਼ਿਲਾਫ਼ ਕਾਰਵਾਈ ਲਈ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣਗੇ ਖੇਤ ਮਜ਼ਦੂਰ
ਅਸ਼ੋਕ ਵਰਮਾ
ਬਠਿੰਡਾ,3 ਅਕਤੂਬਰ 2026 :ਇਨਕਲਾਬੀ ਕਵੀ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ ਜਨਮ ਦਿਹਾੜਾ ਉਸਦੀ ਸ਼ਹਾਦਤ ਭੂਮੀ ਉੱਪਰ ਮਨਾਉਣ ਦੀਆਂ ਚੱਲ ਰਹੀਆਂ ਤਿਆਰੀਆਂ ਮੌਕੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ਅਤੇ ਉਸਦੇ ਜੋਟੀਦਾਰਾਂ ਵੱਲੋਂ ਪ੍ਰਬੰਧਕੀ ਟੀਮ ਉੱਪਰ ਹੱਲਾ ਬੋਲਣ, ਮੋਬਾਈਲ ਖੋਹਣ, ਮਜ਼ਦੂਰ ਆਗੂ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ, ਗਾਲਾਂ ਕੱਢਣ ਖ਼ਿਲਾਫ਼ ਲਿਖਤੀ ਤੌਰ ਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਅੱਜ ਤੱਕ ਐੱਫ. ਆਈ.ਆਰ. ਦਰਜ ਨਾ ਕੀਤੇ ਜਾਣ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਸਾਹਿਤਕ, ਸੱਭਿਆਚਾਰਕ, ਤਰਕਸ਼ੀਲ, ਜਮਹੂਰੀ, ਮਜ਼ਦੂਰ, ਕਿਸਾਨ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਭਗਵੰਤ ਮਾਨ ਸਰਕਾਰ ਖ਼ਿਲਾਫ਼ ਉਲੀਕੇ ਪ੍ਰਦਰਸ਼ਨਾਂ ਦੀ ਸਫਲਤਾ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਸੂਬਾਈ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਕੀਤੀ ਗਈ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਉਪਰੰਤ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਜਥੇਬੰਦੀਆਂ ਵੱਲੋਂ 9 ਅਕਤੂਬਰ ਨੂੰ ਡੀ,ਐੱਸ.ਪੀ. ਨਕੋਦਰ ਦੇ ਦਫ਼ਤਰ ,14 ਅਕਤੂਬਰ ਨੂੰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਅਤੇ 15ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਸਥਿਤ ਰਿਹਾਇਸ਼ ਅੱਗੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਚ ਖੇਤ ਮਜ਼ਦੂਰਾਂ ਦੀ ਭਰਵੀਂ ਸ਼ਮੂਲੀਅਤ ਕਰਾਉਣ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਤੇ ਅਫ਼ਸਰਸ਼ਾਹੀ ਦੇ ਮਨਾਂ ਚ ਦਲਿਤ ਸਮਾਜ ਪ੍ਰਤੀ ਅੰਨ੍ਹੀ ਜਾਤਪਾਤੀ ਨਫ਼ਰਤ ਭਰੀ ਹੋਈ ਹੈ ਇਸੇ ਕਰਕੇ ਆਏ ਦਿਨ ਦਲਿਤ ਵਰਗ ਨਾਲ ਧੱਕੇਸ਼ਾਹੀ ਸਿਖਰਾਂ ਛੋਹ ਰਹੀ ਹੈ।
ਉਹਨਾਂ ਕਿਹਾ ਕਿ ਇਸੇ ਦਲਿਤ ਵਿਰੋਧੀ ਨੀਤੀ ਦੇ ਤਹਿਤ ਮਜ਼ਦੂਰ ਆਗੂ ਹਰਮੇਸ਼ ਮਾਲੜੀ 'ਤੇ ਹੋਏ ਹਮਲੇ ਅਤੇ ਜਾਤੀਸੂਚਕ ਸ਼ਬਦ ਵਰਤਣ ਵਾਲੇ ਦੋਸ਼ੀਆਂ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ । ਮੀਟਿੰਗ ਦੌਰਾਨ ਉਲੀਕੇ ਗਏ ਪ੍ਰਦਰਸ਼ਨਾਂ ਦੀ ਸਫਲਤਾ ਲਈ ਪਿੰਡਾਂ ਚ ਜ਼ੋਰਦਾਰ ਮੁਹਿੰਮ ਵਿੱਢਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਪਿੰਡ ਕਨੋਈ ਵਿਖੇ ਸਰਪੰਚ ਦੇ ਸਤਾਏ ਖੁਦਕੁਸ਼ੀ ਕਰ ਗਏ ਨੌਜਵਾਨ ਮਜ਼ਦੂਰ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਪੁਲਿਸ ਵੱਲੋਂ ਘੜੀਸ ਘੜੀਸ ਕੇ ਗਿਰਫ਼ਤਾਰ ਕਰਨ ਉਪਰੰਤ ਵਾਰਸਾਂ ਦੀ ਗੈਰ ਹਾਜ਼ਰੀ ਚ ਮਿਰਤਕ ਦਾ ਜ਼ਬਰੀ ਸਸਕਾਰ ਕਰਨ ਦੀ ਘਟਨਾ ਨੂੰ ਆਪ ਸਰਕਾਰ ਦੀ ਦਲਿਤਾਂ ਪ੍ਰਤੀ ਅੰਨ੍ਹੀ ਨਫਰਤ ਵਾਲੀ ਨੀਤੀ ਦਾ ਸਿੱਟਾ ਕ਼ਰਾਰ ਦਿੱਤਾ ਗਿਆ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ ਕਨੋਈ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ 7 ਅਕਤੂਬਰ ਨੂੰ ਡੀ ਸੀ ਦਫਤਰ ਸੰਗਰੂਰ ਅੱਗੇ ਦਿੱਤੇ ਜਾ ਰਹੇ ਧਰਨੇ ਵਿੱਚ ਜਥੇਬੰਦੀ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਐਲਾਨ ਕੀਤਾ ਗਿਆ ਮਜ਼ਦੂਰ ਆਗੂ ਮਾਲੜੀ ਤੇ ਹਮਲੇ ਦੇ ਦੋਸ਼ੀਆਂ ਤੇ ਪਰਚਾ ਦਰਜ਼ ਕਰਵਾ ਕੇ ਗਿਰਫ਼ਤਾਰ ਕਰਾਉਣ ਤੇ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਪੰਜਾਬ ਸਰਕਾਰ ਵੱਲੋਂ ਮਾਨਤਾ ਦਿਵਾਉਣ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ
। ਅੱਜ਼ ਦੀ ਮੀਟਿੰਗ ਵਿੱਚ ਪ੍ਰਧਾਨ ਸਕੱਤਰ ਤੋਂ ਇਲਾਵਾ ਸਬਾਈ ਆਗੂ ਹਰਭਗਵਾਨ ਸਿੰਘ ਮੂਣਕ,ਮੇਜਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ ਤੋਂ ਇਲਾਵਾ ਜ਼ਿਲਾ ਬਠਿੰਡਾ ਦੇ ਆਗੂ ਮਨਦੀਪ ਸਿੰਘ ਸਿਵੀਆਂ , ਸ੍ਰੀ ਮੁਕਤਸਰ ਸਾਹਿਬ ਦੇ ਆਗੂ ਕਾਲਾ ਸਿੰਘ ਖੂਨਣ ਖੁਰਦ, ਫਰੀਦਕੋਟ ਦੇ ਆਗੂ ਹਰਪਾਲ ਸਿੰਘ ਤੇ ਮੋਗਾ ਜ਼ਿਲ੍ਹੇ ਦੇ ਆਗੂ ਹਾਕਮ ਸਿੰਘ ਸਮੇਤ ਤੀਰਥ ਸਿੰਘ ਕੋਠਾਗੁਰੂ,ਸੇਵਕ ਸਿੰਘ ਮਹਿਮਾ ਸਰਜਾ, ਤਰਸੇਮ ਸਿੰਘ ਤੇ ਕਾਕਾ ਸਿੰਘ ਖੁੰਡੇ ਹਲਾਲ ਆਦਿ ਹਾਜ਼ਰ ਸਨ।
- Download Babushahi App
-
-