SIR : ਮਾਨਸਾ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੌ ਫ਼ੀਸਦੀ ਮੁਕੰਮਲ: DC ਨਵਜੋਤ ਕੌਰ
ਅਸ਼ੋਕ ਵਰਮਾ
ਮਾਨਸਾ, 2 ਅਕਤੂਬਰ 2026 :ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮਾਨਸਾ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਕੰਮ ਪੂਰੀ ਪਾਰਦਰਸ਼ਤਾ ਅਤੇ ਸਫਲਤਾ ਨਾਲ 100 ਫ਼ੀਸਦੀ ਮੁਕੰਮਲ ਕਰ ਲਿਆ ਗਿਆ ਹੈ। ਇਸ ਮਹੱਤਵਪੂਰਨ ਪ੍ਰਾਪਤੀ 'ਤੇ ਜ਼ਿਲ੍ਹਾ ਚੋਣ ਅਫ਼ਸਰ -ਕਮ -ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਇਸ ਕਾਰਜ ਵਿੱਚ ਦਿਨ-ਰਾਤ ਜੁਟੇ ਸਮੂਹ ਚੋਣ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਕੁੱਲ 69,643 ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 69,324 ਵੋਟਰਾਂ ਵੱਲੋਂ ਆਪਣੇ ਇਤਰਾਜ਼ਾਂ ਨੂੰ ਦੂਰ ਕਰਨ ਲਈ ਸਮੇਂ ਸਿਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 319 ਵੋਟਰਾਂ ਨੂੰ ਮ੍ਰਿਤਕ, ਪਤਾ ਬਦਲਣ ਜਾਂ ਇਸੇ ਤਰ੍ਹਾਂ ਦੀਆਂ ਹੋਰ ਸ਼੍ਰੇਣੀਆਂ ਤਹਿਤ ਨਿਯਮਾਂ ਅਨੁਸਾਰ ਵੋਟਰ ਵਜੋਂ ਰਜਿਸਟਰਡ ਨਹੀਂ ਕੀਤਾ ਜਾ ਸਕਿਆ।
ਆਮ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਡੀ.ਸੀ. ਕੰਪਲੈਕਸ ਅਤੇ ਹਲਕਾ ਪੱਧਰ 'ਤੇ ਸਬ-ਡਵੀਜ਼ਨ ਕੰਪਲੈਕਸ ਵਿਖੇ ਹੈਲਪ ਡੈਸਕ ਲਗਾਤਾਰ ਕਾਰਜਸ਼ੀਲ ਰਹਿਣਗੇ, ਜਿੱਥੇ ਕੋਈ ਵੀ ਨਾਗਰਿਕ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਦੇ ਅਗਲੇ ਪੜਾਅ ਤਹਿਤ ਆਉਂਦੀ 12 ਅਕਤੂਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਕਮਿਸ਼ਨ ਦੇ ਇਸ ਅਭਿਆਨ ਵਿੱਚ ਆਪਣਾ ਸਹਿਯੋਗ ਜਾਰੀ ਰੱਖਣ।
- Download Babushahi App
-
-