ਭਾਜਪਾ ਨੇਤਾ ਦਾ ‘ਰਾਈਟ ਹੈਂਡ’ ਦੱਸ ਕੇ ਰੌਬ ਪਾਉਣ ਵਾਲੇ ਪਤੀ-ਪਤਨੀ ’ਤੇ ਕੇਸ
17 ਲੱਖ ਰੁਪਏ ਲੈ ਕੇ ਦੁਕਾਨ ਦੀ ਰਜਿਸਟਰੀ ਤੋਂ ਮੁੱਕਣ ਦਾ ਦੋਸ਼
ਰਜਿਸਟਰੀ ਵੇਲੇ ਖੁੱਲ੍ਹਿਆ ਬੈਂਕ ਕਰਜ਼ੇ ਦਾ ਰਾਜ਼, ਦੁਕਾਨ ਪਹਿਲਾਂ ਹੀ ਸੀ ਗਿਰਵੀ
ਦੀਪਕ ਜੈਨ
ਜਗਰਾਉਂ: ਜਗਰਾਉਂ ਵਿੱਚ ਦੁਕਾਨ ਵੇਚਣ ਦੇ ਨਾਂ ’ਤੇ 17 ਲੱਖ ਰੁਪਏ ਲੈਣ ਅਤੇ ਬਾਅਦ ਵਿੱਚ ਰਜਿਸਟਰੀ ਤੋਂ ਮੁੱਕਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਥਾਣਾ ਸਿਟੀ ਪੁਲਿਸ ਨੇ ਛੱਤੀ ਗਲੀ ਨਿਵਾਸੀ ਨੰਦਿਤਾ ਗੋਇਲ ਅਤੇ ਉਸਦੇ ਪਤੀ ਸੁਮਿਤ ਗੋਇਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਦੋਸ਼ੀ ਪਤੀ-ਪਤਨੀ ਆਪਣੇ ਆਪ ਨੂੰ ਭਾਜਪਾ ਨੇਤਾ ਦਾ ‘ਰਾਈਟ ਹੈਂਡ’ ਦੱਸ ਕੇ ਰੌਬ ਪਾਉਂਦੇ ਅਤੇ ਧਮਕਾਉਂਦੇ ਰਹੇ।
ਮਾਮਲਾ ਉਸ ਸਮੇਂ ਹੋਰ ਪੇਚੀਦਾ ਹੋ ਗਿਆ ਜਦੋਂ ਦੁਕਾਨ ਦੀ ਰਜਿਸਟਰੀ ਕਰਵਾਉਣ ਦੀ ਵਾਰੀ ਆਈ। ਖਰੀਦਦਾਰ ਨੂੰ ਕਥਿਤ ਤੌਰ ’ਤੇ ਪਤਾ ਲੱਗਾ ਕਿ ਜਿਸ ਦੁਕਾਨ ਦਾ ਸੌਦਾ ਹੋਇਆ ਸੀ, ਉਹ ਪਹਿਲਾਂ ਹੀ ਬੈਂਕ ਕਰਜ਼ੇ ਬਦਲੇ ਗਿਰਵੀ ਪਈ ਹੈ ਅਤੇ ਉਸ ਦੀ ਅਸਲ ਰਜਿਸਟਰੀ ਬੈਂਕ ਕੋਲ ਜਮ੍ਹਾਂ ਹੈ।
ਪੁਲਿਸ ਅਨੁਸਾਰ ਅਗਵਾੜ ਪੋਨਾ ਨਿਵਾਸੀ ਮੁਹੰਮਦ ਖੁਰਸ਼ੀਦ ਅੰਸਾਰੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 18 ਜੂਨ ਨੂੰ ਦੋਸ਼ੀ ਪਤੀ-ਪਤਨੀ ਨਾਲ ਦੁਕਾਨ ਦਾ ਸੌਦਾ ਕੀਤਾ ਸੀ ਅਤੇ 12 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਸਨ। ਬਾਅਦ ਵਿੱਚ ਦੋਸ਼ੀਆਂ ਨੇ ਆਰਥਿਕ ਲੋੜ ਦੱਸਦਿਆਂ ਉਸ ਕੋਲੋਂ 5 ਲੱਖ ਰੁਪਏ ਹੋਰ ਲੈ ਲਏ। ਇਸ ਤਰ੍ਹਾਂ ਕੁਝ 17 ਲੱਖ ਰੁਪਏ ਦਿੱਤੇ ਗਏ।
ਸ਼ਿਕਾਇਤਕਰਤਾ ਮੁਤਾਬਕ ਰਜਿਸਟਰੀ ਦੀ ਤਾਰੀਖ 18 ਮਈ 2026 ਤੈਅ ਸੀ, ਪਰ ਤਾਰੀਖ ਆਉਣ ’ਤੇ ਦੋਸ਼ੀ ਰਜਿਸਟਰੀ ਕਰਵਾਉਣ ਪਹੁੰਚੇ ਹੀ ਨਹੀਂ। ਬਾਅਦ ਵਿੱਚ ਦੁਕਾਨ ’ਤੇ ਬੈਂਕ ਕਰਜ਼ੇ ਅਤੇ ਅਸਲ ਦਸਤਾਵੇਜ਼ ਬੈਂਕ ਕੋਲ ਗਿਰਵੀ ਹੋਣ ਦੀ ਜਾਣਕਾਰੀ ਸਾਹਮਣੇ ਆਈ।
ਜਦੋਂ ਖਰੀਦਦਾਰ ਨੇ ਰਕਮ ਵਾਪਸ ਕਰਨ ਜਾਂ ਰਜਿਸਟਰੀ ਕਰਵਾਉਣ ਦੀ ਮੰਗ ਕੀਤੀ ਤਾਂ ਦੋਸ਼ ਹੈ ਕਿ ਪਤੀ-ਪਤਨੀ ਨੇ ਕਥਿਤ ਸਿਆਸੀ ਰਸੂਖ ਦਿਖਾ ਕੇ ਉਸ ਨੂੰ ਦਬਾਅ ਹੇਠ ਲਿਆਉਣ ਦੀ ਕੋਸ਼ਿਸ਼ ਕੀਤੀ।
ਸ਼ਿਕਾਇਤ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਤੱਕ ਪਹੁੰਚਣ ਤੋਂ ਬਾਅਦ ਮਾਮਲੇ ਦੀ ਜਾਂਚ ਡੀ.ਐਸ.ਪੀ. ਕਰਾਈਮ ਨੂੰ ਸੌਂਪੀ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਡੀ.ਏ. ਲੀਗਲ ਦੀ ਰਾਇ ਹਾਸਲ ਕੀਤੀ ਅਤੇ ਥਾਣਾ ਸਿਟੀ ਜਗਰਾਉਂ ਵਿੱਚ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੋਵੇਂ ਦੋਸ਼ੀ ਫਿਲਹਾਲ ਫਰਾਰ ਦੱਸੇ ਜਾ ਰਹੇ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦੀ ਹੀ ਪੁਲਿਸ ਦੋਸ਼ੀਆਂ ਨੂੰ ਕਾਬੂ ਕਰਕੇ ਅੱਗੇ ਦੀ ਜਾਂਚ ਕਰੇਗੀ।
- Download Babushahi App
-
-