ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸੰਗਤ ਦੀ ਸਹੂਲਤ ਲਈ ਨਵਾਂ ਜੋੜਾ ਘਰ ਤੇ ਦਫ਼ਤਰ ਤਿਆਰ: ਕਾਲਕਾ ਤੇ ਕਾਹਲੋਂ
ਨਵੀਂ ਦਿੱਲੀ 10 ਸਤੰਬਰ,2026(ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਦੱਸਿਆ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਵਿਖੇ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵੇਂ ਜੋੜਾ ਘਰ ਅਤੇ ਦਫ਼ਤਰ ਦਾ ਨਿਰਮਾਣ ਮੁਕੰਮਲ ਕੀਤਾ ਗਿਆ ਹੈ।
ਦੋਵੇਂ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਚੰਗੀਆਂ ਸਹੂਲਤਾਂ ਦੀ ਸੇਵਾ ਦੇਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਮੁੱਖ ਜ਼ਿੰਮੇਂਵਾਰੀ ਹੈ। ਸਰਦਾਰ ਕਾਲਕਾ ਅਤੇ ਕਾਹਲੋ ਨੇ ਕਿਹਾ ਕਿ ਨਵੇਂ ਜੋੜਾ ਘਰ ਦੇ ਬਣਨ ਨਾਲ ਸੰਗਤ ਲਈ ਸੁਚੱਜੇ ਪ੍ਰਬੰਧ ਹੋਰ ਮਜ਼ਬੂਤ ਹੋਣਗੇ, ਜਦਕਿ ਨਵੇਂ ਦਫ਼ਤਰ ਰਾਹੀਂ ਗੁਰਦੁਆਰਾ ਸਾਹਿਬ ਨਾਲ ਸਬੰਧਤ ਪ੍ਰਬੰਧਕੀ ਅਤੇ ਸੇਵਾ ਕਾਰਜਾਂ ਨੂੰ ਹੋਰ ਵਿਉਤਮਈ ਢੰਗ ਨਾਲ ਚਲਾਉਣ ਵਿੱਚ ਸਹੂਲਤ ਮਿਲੇਗੀ।
ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਸਿੱਖ ਇਤਿਹਾਸ ਅਤੇ ਗੁਰੂ ਸਾਹਿਬ ਦੀਆਂ ਪਵਿੱਤਰ ਯਾਦਾਂ ਨਾਲ ਜੁੜਿਆ ਮਹੱਤਵਪੂਰਨ ਅਸਥਾਨ ਹੈ, ਇਸ ਲਈ ਇਸ ਅਸਥਾਨ ਦੀ ਸੇਵਾ-ਸੰਭਾਲ, ਸੁੰਦਰਤਾ ਅਤੇ ਸੰਗਤ ਦੀਆਂ ਸਹੂਲਤਾਂ ਵਿੱਚ ਲਗਾਤਾਰ ਸੁਧਾਰ ਕਰਨਾ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲ ਹੈ।
ਦੋਵੇਂ ਆਗੂਆਂ ਨੇ ਇਸ ਪਵਿੱਤਰ ਕਾਰਜ ਵਿੱਚ ਸਹਿਯੋਗ ਦੇਣ ਲਈ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ਵਿੱਚ ਸੰਗਤ ਅਤੇ ਸੇਵਾਦਾਰਾਂ ਦਾ ਸਹਿਯੋਗ ਹਮੇਸ਼ਾ ਪ੍ਰੇਰਣਾਦਾਇਕ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬਾਨ ਵਿਖੇ ਸੇਵਾ ਅਤੇ ਸਹੂਲਤਾਂ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ।
- Download Babushahi App
-
-