“ECHS ਸੇਵਾ ਲਈ ਹੈ, ਕਮਾਂਡ ਲਈ ਨਹੀਂ”: ਸਾਬਕਾ ਸੈਨਿਕਾਂ ਵੱਲੋਂ OIC ਵਜੋਂ ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਦੀ ਮੰਗ
ਪਰਮੋਦ ਭਾਰਤੀ
ਨਵਾਂਸ਼ਹਿਰ, 9 ਸਤੰਬਰ, 2026
ਵੈਟਰਨਜ਼ ਵੈਲਫੇਅਰ ਬਾਇ ਵੈਟਰਨਜ਼, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਨੇ ECHS ਪੋਲੀਕਲੀਨਿਕਾਂ ਦੇ ਕੁਝ Officer-in-Charge (OIC) ਵੱਲੋਂ ਕਥਿਤ ਦੁਰਵਿਹਾਰ ਅਤੇ ਸਖ਼ਤ ਕਮਾਂਡ-ਅਧਾਰਿਤ ਰਵੱਈਏ ਸਬੰਧੀ ਮਿਲ ਰਹੀਆਂ ਸ਼ਿਕਾਇਤਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ।
ਅਸ਼ਵਨੀ ਜੋਸ਼ੀ ਦੀ ਅਗਵਾਈ ਹੇਠ ਵਫ਼ਦ ਨੇ ਰਾਸ਼ਟਰਪਤੀ ਭਾਰਤ ਅਤੇ ਰੱਖਿਆ ਮੰਤਰੀ ਨੂੰ ਭੇਜੇ ਪੱਤਰ ਵਿੱਚ ਮੰਗ ਕੀਤੀ ਹੈ ਕਿ ECHS ਪੋਲੀਕਲੀਨਿਕਾਂ ਨੂੰ ਮਿਲਟਰੀ ਕਮਾਂਡ ਕਲਚਰ ਦੀ ਬਜਾਏ ਮਰੀਜ਼-ਕੇਂਦਰਿਤ ਮੈਡੀਕਲ ਸੰਸਥਾਵਾਂ ਵਜੋਂ ਚਲਾਇਆ ਜਾਵੇ।
ਸੰਸਥਾ ਨੇ ਕਿਹਾ ਕਿ “ECHS ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਸੇਵਾ ਲਈ ਹੈ, ਇਹ ਕੋਈ ਪਰੇਡ ਗਰਾਊਂਡ ਨਹੀਂ।” 70–85 ਸਾਲ ਦੀ ਉਮਰ ਵਾਲੇ ਬਜ਼ੁਰਗ ਸਾਬਕਾ ਸੈਨਿਕ ਜਦੋਂ ਇਲਾਜ ਲਈ ਪੋਲੀਕਲੀਨਿਕ ਆਉਂਦੇ ਹਨ ਤਾਂ ਉਨ੍ਹਾਂ ਨਾਲ ਸਤਿਕਾਰ, ਨਿਮਰਤਾ ਅਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ।
ਸੰਸਥਾ ਨੇ ਮੰਗ ਕੀਤੀ ਕਿ ECHS ਪੋਲੀਕਲੀਨਿਕਾਂ ਦੇ OIC ਵਜੋਂ ਤਰਜੀਹੀ ਤੌਰ ’ਤੇ ਰਿਟਾਇਰਡ AMC/ਮੈਡੀਕਲ ਅਫ਼ਸਰ ਜਾਂ MNS ਅਧਿਕਾਰੀ, ਜਿਨ੍ਹਾਂ ਕੋਲ ਹਸਪਤਾਲ ਪ੍ਰਸ਼ਾਸਨ ਦਾ ਤਜਰਬਾ ਹੋਵੇ, ਨਿਯੁਕਤ ਕੀਤੇ ਜਾਣ। ਇਸ ਦੇ ਨਾਲ ਗੈਰ-ਮੈਡੀਕਲ OICs ਲਈ ਸਪੱਸ਼ਟ Code of Conduct ਅਤੇ ਮਰੀਜ਼ਾਂ ਦੀਆਂ ਸ਼ਿਕਾਇਤਾਂ ਲਈ ਪਾਰਦਰਸ਼ੀ grievance-redressal ਪ੍ਰਣਾਲੀ ਲਾਗੂ ਕਰਨ ਦੀ ਵੀ ਮੰਗ ਕੀਤੀ ਗਈ।
ਵੈਟਰਨਜ਼ ਵੈਲਫੇਅਰ ਬਾਇ ਵੈਟਰਨਜ਼ ਨੇ ਕਿਹਾ ਕਿ ਫੌਜੀ ਅਨੁਸ਼ਾਸਨ ਦਾ ਸਨਮਾਨ ਆਪਣੀ ਥਾਂ ਹੈ, ਪਰ ਇਹ ਕਿਸੇ ਵੀ ਤਰ੍ਹਾਂ ਬੇਇਜ਼ਤੀ ਜਾਂ ਬਦਸਲੂਕੀ ਦਾ ਜਾਇਜ਼ ਕਾਰਨ ਨਹੀਂ ਬਣ ਸਕਦਾ।
ਜਿਨ੍ਹਾਂ ਸਾਬਕਾ ਸੈਨਿਕਾਂ ਨੇ ਦੇਸ਼ ਦੀ ਸੇਵਾ ਕੀਤੀ ਹੈ, ਉਹ ਆਪਣੇ ਜੀਵਨ ਦੇ ਆਖ਼ਰੀ ਪੜਾਅ ਵਿੱਚ ਧਮਕਾਉਣ ਵਾਲਾ ਨਹੀਂ, ਸਗੋਂ ਸਤਿਕਾਰ ਅਤੇ ਸੰਭਾਲ ਵਾਲਾ ਮਾਹੌਲ ਚਾਹੁੰਦੇ ਹਨ।
- Download Babushahi App
-
-