ਕੈਬਿਨੇਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 17 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟ ਲੋਕਾਂ ਨੂੰ ਸਮਰਪਿਤ
ਅਸ਼ੋਕ ਵਰਮਾ
ਬਠਿੰਡਾ, 20 ਅਗਸਤ 2026: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕਿਸਾਨਾਂ ਹਰ ਖੇਤ ਨੂੰ ਪਾਣੀ ਨਹਿਰੀ ਪਾਣੀ ਪਹੁੰਚਾਇਆ ਹੈ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਲਈ ਟਿਊਬਵੈਲ ਦੀ ਵਰਤੋਂ ਨਾ ਕਰਦਿਆਂ ਸਿਰਫ਼ ਨਹਿਰੀ ਪਾਣੀ ਹੀ ਵਰਤਿਆ ਜਾ ਸਕੇ। ਮਾਲਵਾ ਖੇਤਰ ਦੇ ਤਲਵੰਡੀ ਸਾਬੋ ਹਲਕੇ ਦੇ ਟੇਲ ਏਂਡ ਪਿੰਡਾਂ ਚ ਵੀ ਨਹਿਰੀ ਪਾਣੀ ਸਿੰਜਾਈ ਲਈ ਖੇਤਾਂ ਤੱਕ ਪੁੱਜ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਲ ਸਰੋਤ ਮੰਤਰੀ ਪੰਜਾਬ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਹੇਠ ਪੈਂਦੇ ਪਿੰਡ ਬਾਘਾ ਅਤੇ ਜੀਵਨ ਸਿੰਘ ਵਾਲਾ ਵਿਖੇ ਨਹਿਰੀ ਪਾਣੀ ਦੇ ਪ੍ਰੋਜੈਕਟਾਂ ਦਾ ਉਦਘਟਾਨ ਮੌਕੇ ਕੀਤਾ।
ਪਿੰਡ ਬਾਘਾ ਵਿਖੇ ਉਨ੍ਹਾਂ ਬੰਗੀ ਰਜਬਾਹਾ ਅਤੇ ਹੋਰ ਮੋਘਿਆਂ ਦੇ 10.78 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਨਹਿਰੀ ਖਾਲਾਂ ਜਿਸ ਨਾਲ ਕਿਸਾਨਾਂ ਦੀ 3500 ਏਕੜ ਜ਼ਮੀਨ ਨੂੰ ਪਾਣੀ ਮਿਲੇਗਾ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਤੇ ਪਾਰਟੀ ਚੀਫ ਵਿੱਪ ਕੈਬਿਨੇਟ ਰੈਂਕ ਪ੍ਰੋ: ਬਲਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।ਕੈਬਿਨੇਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਜੀਵਨ ਸਿੰਘ ਵਾਲਾ ਵਿਖੇ 13 ਕਿਲੋਮੀਟਰ ਲੰਬਾਈ ਵਾਲੇ ਖਾਲ ਅਤੇ ਲਾਈਨਿੰਗ - ਜਿਸ ਉਪਰ 6.50 ਕਰੋੜ ਰੁਪਏ ਖਰਚਾ ਆਇਆ ਹੈ - ਦਾ ਉਦਘਾਟਨ ਕਰਨ ਮੌਕੇ ਕਿਸਾਨਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੀ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮਿਆਂ ਦੌਰਾਨ ਕਿਸਾਨਾਂ ਨੂੰ ਟਿਊਬਵੈਲਾਂ ਲਈ ਪੂਰੀ ਬਿਜਲੀ ਨਹੀਂ ਸੀ ਮਿਲਦੀ ਅਤੇ ਕਿਸਾਨ ਦਿਨ ਰਾਤ ਆਪਣੇ ਖੇਤਾਂ ਵਿਚ ਹੀ ਬਿਜਲੀ ਦਾ ਇੰਤਜਾਰ ਕਰਦੇ ਰਹਿੰਦੇ ਸਨ, ਪਰ ਹੁਣ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਲਈ ਦਿਨ ਸਮੇਂ ਪੂਰੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਕਿਸਾਨ ਰਾਤ ਸਮੇਂ ਆਪਣੇ ਘਰਾਂ ਵਿੱਚ ਆਰਾਮ ਦੀ ਨੀਂਦ ਸੌਂ ਸਕਣ।
ਮੰਤਰੀ ਗੋਇਲ ਨੇ ਪਿਛਲੇ 40 ਸਾਲਾਂ ਤੋਂ ਟੇਲਾਂ ਵਾਲੇ ਪਿੰਡਾਂ 'ਚ ਖੇਤੀ ਲਈ ਪਾਣੀ ਦੀ ਘਾਟ ਨਾਲ ਕਿਸਾਨ ਜੂਝ ਰਹੇ ਸਨ, ਜਿੰਨ੍ਹਾਂ ਦਾ ਸੁਪਨਾ ਹੁਣ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਹੁਣ 82 ਫੀਸਦੀ ਤੱਕ ਪ੍ਰਯੋਗ ਕੀਤਾ ਜਾ ਰਿਹਾ ਹੈ ਅਤੇ ਬਾਕੀ ਰਹਿੰਦਾ 18 ਫੀਸਦੀ ਵੀ ਜਲਦ ਇਸਤੇਮਾਲ ਯੋਗ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨਾਲ ਜ਼ਮੀਨ ਦੀ ਸਿਹਤ ਵੀ ਬਿਹਤਰ ਹੋਵੇਗੀ, ਫ਼ਸਲਾਂ ਦੀ ਪੈਦਾਵਾਰ ਵੀ ਵਧੇਗੀ ਅਤੇ ਟਿਊਬਵੈਲਾਂ ਰਾਹੀਂ ਵੀ ਧਰਤੀ ਦੇ ਹੇਠਾਂ ਤੋਂ ਪਾਣੀ ਘੱਟ ਕੱਢਿਆ ਜਾਵੇਗਾ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਤਾਂ ਹੋਵੇਗੀ ਹੀ ਨਾਲ-ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉਪਰ ਆਵੇਗਾ, ਜੋ ਕਿ ਕਿਸਾਨੀ ਲਈ ਬਹੁਤ ਜ਼ਰੂਰੀ ਹੈ। ਇਸ ਮੌਕੇ ਕੈਬਿਨਟ ਮੰਤਰੀ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਹਿਰਾਂ/ਖਾਲਿਆਂ ਦੀ ਸਫ਼ਾਈ ਅਤੇ ਰੱਖ-ਰਖਾਅ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਕੱਚੇ ਬਣੇ ਖਾਲਾਂ ਨਾਲ ਜਿੱਥੇ ਪਾਣੀ ਦੀ ਬਰਬਾਦੀ ਹੁੰਦੀ ਸੀ, ਉਥੇ ਹੀ ਕੱਚੇ ਖਾਲ ਜਲਦੀ ਟੁੱਟ ਜਾਂਦੇ ਸਨ। ਪਾਣੀ ਦੀ ਬਰਬਾਦੀ ਰੋਕਣ ਲਈ ਵੀ ਨਵੇਂ ਬਣਾਏ ਗਏ ਪੱਕੇ ਖਾਲ ਸਹਾਈ ਸਿੱਧ ਹੋਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਹਿਰੀ ਪਾਣੀ ਦਾ ਸੂਝਵਾਨ ਢੰਗ ਨਾਲ ਇਸਤੇਮਾਲ ਕਰਨ ਅਤੇ ਪਾਣੀ ਦੀ ਇੱਕ-ਇੱਕ ਬੂੰਦ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਤੇ ਪਾਰਟੀ ਚੀਫ ਵਿੱਪ ਕੈਬਨਿਟ ਰੈਂਕ ਪ੍ਰੋ: ਬਲਜਿੰਦਰ ਕੌਰ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਕਿਸਾਨਾਂ ਦੀਆਂ ਦੁੱਖ ਤਕਲੀਫ਼ਾਂ ਸੁਣਦਿਆਂ ਮਸਲੇ ਹੱਲ ਕੀਤੇ ਹਨ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਟੇਲਾਂ ਤੇ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ।
ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਸ੍ਰੀਮਤੀ ਵੀਰਪਾਲ ਕੌਰ ਤੋਂ ਇਲਾਵਾ ਪਿੰਡ ਬਾਘਾ ਅਤੇ ਜੀਵਨ ਸਿੰਘ ਵਾਲਾ ਦੀਆਂ ਪੰਚਾਇਤਾਂ, ਵੱਖ-ਵੱਖ ਅਹੁਦੇਦਾਰ, ਪਿੰਡ ਵਾਸੀ ਅਤੇ ਹੋਰ ਮੋਹਤਬਰ ਆਦਿ ਹਾਜ਼ਰ ਸਨ।
- Download Babushahi App
-
-